ਪੰਜਾਬ ਦੀਆਂ ਜੇਲ੍ਹਾਂ ‘ਚ ਨਜ਼ਰਬੰਦ ਹਵਾਲਾਤੀਆਂ ਤੇ ਕੈਦੀਆਂ ਨੂੰ ਉਨ੍ਹਾਂ ਦੇ ਪਰਿਵਾਰ ਵਾਲਿਆਂ ਨਾਲ ਮੁਲਾਕਾਤ ਕਰਵਾਉਣ ਵਾਸਤੇ ਜੇਲ੍ਹ ਵਿਭਾਗ ਨੇ ਸਦੀ ਪੁਰਾਣੇ ਨਿਯਮਾਂ ‘ਚ ਸੋਧ ਕਰ ਕੇ ਨਵੀਂ ਸਹੂਲਤ ਲਾਗੂ ਕਰ ਦਿੱਤੀ ਹੈ। ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ‘ਚ ਮੁਲਾਕਾਤਾਂ ਲਈ ਬਣਾਏ ਗਏ ਵਿਸ਼ੇਸ਼ ਕਮਰਿਆਂ ਦਾ ਉਦਘਾਟਨ ਕਰਦਿਆਂ ਜੇਲ੍ਹਾਂ ਦੇ ਡੀ.ਆਈ.ਜੀ. ਤੇਜਿੰਦਰ ਸਿੰਘ ਨੇ ਕਿਹਾ ਕਿ ਜੇਲ੍ਹ ਵਿਭਾਗ ਵੱਲੋਂ ਸ਼ੁਰੂ ਕੀਤੇ ਨਵੇਂ ਪ੍ਰਾਜੈਕਟ ਤਹਿਤ ਜੇਲ੍ਹ ਅੰਦਰ ਕੁਝ ਕਮਰੇ ਬਣਾਏ ਗਏ ਹਨ ਜਿਨ੍ਹਾਂ ‘ਚ ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਹਨ। ਇਥੇ ਕੈਦੀ ਆਪਣੇ ਪਰਿਵਾਰ ਨਾਲ ਬੈਠ ਕੇ 50 ਮਿੰਟ ਤੱਕ ਮੁਲਾਕਾਤ ਕਰ ਸਕਦਾ ਹੈ। ਜੇਲ੍ਹ ਸੁਪਰਡੈਂਟ ਰਾਜੀਵ ਕੁਮਾਰ ਅਰੋੜਾ ਨੇ ਕਿਹਾ ਕਿ ਪਰਿਵਾਰਕ ਮੈਂਬਰ ਤਿੰਨ ਮਹੀਨੇ ‘ਚ ਇਕ ਵਾਰ ਆਪਣੇ ਪਰਿਵਾਰ ਨੂੰ ਮਿਲ ਸਕਦੇ ਹਨ। ਇਨ੍ਹਾਂ ਕਮਰਿਆਂ ‘ਚ ਖਾਣ-ਪੀਣ ਦਾ ਕੋਈ ਵੀ ਸਾਮਾਨ ਨਹੀਂ ਜਾ ਸਕੇਗਾ। ਡੀ.ਆਈ.ਜੀ. ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਨਵੇਂ ਉਪਰਾਲੇ ਨਾਲ ਜੇਲ੍ਹ ਦੇ ਪ੍ਰਬੰਧਾਂ ‘ਚ ਵੱਡਾ ਸੁਧਾਰ ਆਵੇਗਾ। ਇਸੇ ਤਰ੍ਹਾਂ ਲੁਧਿਆਣਾ ਦੀ ਕੇਂਦਰੀ ਜੇਲ੍ਹ ‘ਚ ਪੁੱਜੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੈਦੀਆਂ/ਹਵਾਲਾਤੀਆਂ ਲਈ ‘ਗਲਵੱਕੜੀ’ ਪ੍ਰੋਗਰਾਮ ਦਾ ਉਦਘਾਟਨ ਕੀਤਾ। ਇਸ ਨਵੇਂ ਉੱਦਮ ਤਹਿਤ ਕੈਦੀ/ਹਵਾਲਾਤੀ ਹੁਣ ਸਾਲ ਦੀ ਤਿਮਾਹੀ ਦੌਰਾਨ ਜੇਲ੍ਹ ਕੰਪਲੈਕਸ ਅੰਦਰ ਸਥਾਪਿਤ ਵਿਸ਼ੇਸ਼ ਕਮਰੇ ‘ਚ ਪਰਿਵਾਰਕ ਜੀਆਂ ਨੂੰ ਇਕ ਘੰਟੇ ਲਈ ਵਿਅਕਤੀਗਤ ਤੌਰ ‘ਤੇ ਮਿਲ ਸਕਣਗੇ। ਇਸ ਪ੍ਰੋਗਰਾਮ ਦਾ ਲਾਭ ਸਿਰਫ਼ ਚੰਗੇ ਆਚਰਣ ਵਾਲੇ ਕੈਦੀਆਂ ਤੇ ਹਵਾਲਾਤੀਆਂ ਨੂੰ ਹੀ ਮਿਲੇਗਾ। ਹਾਰਡ ਕੋਰ ਅਪਰਾਧੀਆਂ ਲਈ ਇਹ ਸਹੂਲਤ ਨਹੀਂ ਹੋਵੇਗੀ। ਮੰਤਰੀ ਹਰਜੋਤ ਬੈਂਸ ਨੇ ਕਿਹਾ ‘ਗਲਵੱਕੜੀ’ ਪ੍ਰੋਗਰਾਮ ਤਹਿਤ ਕੈਦੀ/ਹਵਾਲਾਤੀ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਭੋਜਨ ਦਾ ਆਨੰਦ ਲੈ ਸਕਣਗੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਜੇਲ੍ਹਾਂ ਨੂੰ ਅਸਲ ‘ਸੁਧਾਰ ਘਰ’ ਬਣਾ ਰਹੀ ਹੈ ਤਾਂ ਕਿ ਕੈਦੀਆਂ ਨੂੰ ਹਕੀਕੀ ਰੂਪ ‘ਚ ਸੁਧਾਰਿਆ ਜਾ ਸਕੇ ਅਤੇ ਉਹ ਜੇਲ੍ਹ ‘ਚੋਂ ਰਿਹਾਈ ਮਗਰੋਂ ਆਮ ਜੀਵਨ ਬਤੀਤ ਕਰ ਸਕਣ। ਉਨ੍ਹਾਂ ਕਿਹਾ ਕਿ ਇਹ ਪਰਿਵਾਰਕ ਮੁਲਾਕਾਤਾਂ ਸੂਬੇ ਦੀਆਂ 23 ਜੇਲ੍ਹਾਂ ‘ਚ ਸ਼ੁਰੂ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਫਰਨੀਚਰ ਅਤੇ ਹੋਰ ਬੁਨਿਆਦੀ ਸਹੂਲਤਾਂ ਨਾਲ ਲੈਸ ਕਮਰੇ ‘ਚ ਕੈਦੀਆਂ/ਹਵਾਲਾਤੀਆਂ ਨੂੰ ਆਪਣੇ ਪੰਜ ਰਿਸ਼ਤੇਦਾਰਾਂ ਨਾਲ ਇੱਕ ਘੰਟਾ ਬਿਤਾਉਣ ਲਈ ਦਿੱਤਾ ਜਾਵੇਗਾ। ਇਸ ਸਹੂਲਤ ਦਾ ਲਾਭ ਲੈਣ ਲਈ ਸਬੰਧਤ ਪਰਿਵਾਰ ਵੱਲੋਂ ਪੰਜਾਬ ਜੇਲ੍ਹ ਵਿਭਾਗ ਦੀ ਅਧਿਕਾਰਤ ਵੈੱਬਸਾਈਟ ‘ਤੇ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ ਜਾਂ ਕੈਦੀ ਜੇਲ੍ਹ ਅਧਿਕਾਰੀਆਂ ਨਾਲ ਸੰਪਰਕ ਕਰ ਸਕਦੇ ਹਨ। ਖਾਣ ਪੀਣ ਵਾਲੇ ਮੁੱਦੇ ‘ਤੇ ਸਥਿਤੀ ਸਪੱਸ਼ਟ ਨਹੀਂ ਕਿਉਂਕਿ ਫਰੀਦਕੋਟ ‘ਚ ਜੇਲ੍ਹ ਅਧਿਕਾਰੀਆਂ ਨੇ ਮਨਾਹੀ ਦੀ ਗੱਲ ਕਹੀ ਜਦਕਿ ਬੈਂਸ ਨੇ ਕਿਹਾ ਕਿ ਹਵਾਲਾਤੀ/ਕੈਦੀ ਖਾਣਾ ਖਾ ਸਕਣਗੇ।