ਮੈਕਸੀਕੋ ਦੇ ਸਿਉਦਾਦ ਜੁਆਰੇਜ਼ ਸ਼ਹਿਰ ਦੀ ਇਕ ਜੇਲ੍ਹ ‘ਚ ਤੜਕੇ ਬਖਤਰਬੰਦ ਵਾਹਨਾਂ ‘ਚ ਆਏ ਬੰਦੂਕਧਾਰੀਆਂ ਨੇ ਹਮਲਾ ਕਰ ਦਿੱਤਾ ਜਿਸ ‘ਚ 10 ਸੁਰੱਖਿਆ ਕਰਮੀਆਂ ਅਤੇ ਚਾਰ ਕੈਦੀਆਂ ਦੀ ਮੌਤ ਹੋ ਗਈ। ਸਰਕਾਰੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਚਿਹੁਆਹੁਆ ਸਰਕਾਰੀ ਵਕੀਲ ਦੇ ਦਫਤਰ ਨੇ ਇਕ ਬਿਆਨ ‘ਚ ਕਿਹਾ ਕਿ ਸਵੇਰੇ 7 ਵਜੇ ਦੇ ਕਰੀਬ ਕੁਝ ਬਖਤਰਬੰਦ ਗੱਡੀਆਂ ਜੇਲ ‘ਚ ਪਹੁੰਚੀਆਂ ਅਤੇ ਉਸ ‘ਚ ਸਵਾਰ ਬੰਦੂਕਧਾਰੀਆਂ ਨੇ ਸੁਰੱਖਿਆ ਕਰਮਚਾਰੀਆਂ ‘ਤੇ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ ‘ਚ 10 ਸੁਰੱਖਿਆ ਕਰਮਚਾਰੀ ਅਤੇ ਚਾਰ ਕੈਦੀ ਮਾਰੇ ਗਏ ਜਦਕਿ 13 ਹੋਰ ਸੁਰੱਖਿਆ ਕਰਮਚਾਰੀ ਅਤੇ ਘੱਟੋ-ਘੱਟ 24 ਕੈਦੀ ਜ਼ਖਮੀ ਹੋ ਗਏ। ਬਿਆਨ ਦੇ ਅਨੁਸਾਰ ਮੈਕਸੀਕਨ ਸੈਨਿਕਾਂ ਅਤੇ ਰਾਜ ਪੁਲੀਸ ਨੇ ਜੇਲ੍ਹ ਦਾ ਦੁਬਾਰਾ ਕੰਟਰੋਲ ਲੈ ਲਿਆ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਜੁਆਰੇਜ਼ ਦੀ ਇਸੇ ਜੇਲ੍ਹ ‘ਚ ਅਗਸਤ ‘ਚ ਹੋਏ ਦੰਗਿਆਂ ‘ਚ 11 ਲੋਕ ਮਾਰੇ ਗਏ ਸਨ। ਸਰਕਾਰੀ ਵਕੀਲ ਦੇ ਦਫ਼ਤਰ ਦੇ ਅਨੁਸਾਰ ਜੇਲ ‘ਤੇ ਹੋਏ ਹਮਲੇ ਤੋਂ ਕੁਝ ਸਮਾਂ ਪਹਿਲਾਂ ਮਿਉਂਸਪਲ ਪੁਲੀਸ ‘ਤੇ ਹਮਲਾ ਕੀਤਾ ਗਿਆ ਸੀ। ਹਾਲਾਂਕਿ ਪੁਲੀਸ ਨੇ ਪਿੱਛਾ ਕਰਕੇ ਚਾਰ ਹਮਲਾਵਰਾਂ ਨੂੰ ਫੜ ਲਿਆ।