ਜੇਲ੍ਹਾਂ ‘ਚ ਨਸ਼ੇ ਦੀ ਸਪਲਾਈ ਅਤੇ ਮੋਬਾਈਲ ਹੋਣ ਦਾ ਮੁੱਦਾ ਅਕਸਰ ਚਰਚਾ ‘ਚ ਰਹਿੰਦਾ ਹੈ ਅਤੇ ਹੁਣ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇਸ ‘ਚ ਕੈਦੀਆਂ ਨੂੰ ਨਸ਼ਾ ਤੇ ਮੋਬਾਈਲ ਫੋਨ ਕੋਈ ਹੋਰ ਨਹੀਂ ਸਗੋਂ ਡੀ.ਐੱਸ.ਪੀ. ਹੀ ਉਪਲਬਧ ਕਰਵਾ ਰਿਹਾ ਸੀ, ਜਿਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਫ਼ਿਰੋਜ਼ਪੁਰ ਦੀ ਕੇਂਦਰੀ ਜੇਲ੍ਹ ‘ਚ ਕੈਦੀਆਂ ਤੇ ਹਵਾਲਾਤੀਆਂ ਨੂੰ ਨਸ਼ਾ ਅਤੇ ਮੋਬਾਈਲ ਫ਼ੋਨ ਸਪਲਾਈ ਕਰਨ ਦੇ ਦੋਸ਼ ਹੇਠ ਡਿਪਟੀ ਸੁਪਰਡੈਂਟ ਗੁਰਚਰਨ ਸਿੰਘ ਧਾਲੀਵਾਲ ਨੂੰ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਡੀ.ਐੱਸ.ਪੀ. ਧਾਲੀਵਾਲ ਖ਼ਿਲਾਫ਼ ਥਾਣਾ ਸਿਟੀ ‘ਚ ਆਈ.ਪੀ.ਸੀ. ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਮੋਹਿਤ ਧਵਨ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਮੁਖ਼ਬਰ ਪਾਸੋਂ ਇਤਲਾਹ ਮਿਲੀ ਸੀ ਕਿ ਕੇਂਦਰੀ ਜੇਲ੍ਹ ਅੰਦਰ ਤੈਨਾਤ ਡਿਪਟੀ ਸੁਪਰਡੈਂਟ ਗੁਰਚਰਨ ਸਿੰਘ ਧਾਲੀਵਾਲ ਆਪਣੇ ਜੇਲ੍ਹ ਸਟਾਫ਼ ਨਾਲ ਮਿਲ ਕੇ ਕੈਦੀਆਂ ਤੇ ਹਵਾਲਾਤੀਆਂ ਨੂੰ ਵੱਡੇ ਪੱਧਰ ਤੇ ਨਸ਼ਾ ਅਤੇ ਮੋਬਾਈਲ ਫ਼ੋਨ ਮੁਹੱਈਆ ਕਰਵਾਉਂਦਾ ਹੈ। ਇਹ ਡੀ.ਐਸ.ਪੀ. ਬਾਹਰੋਂ ਨਸ਼ਾ ਤਸਕਰਾਂ ਤੋਂ ਨਸ਼ਾ ਲੈ ਕੇ ਖ਼ੁਦ ਜੇਲ੍ਹ ਅੰਦਰ ਸਪਲਾਈ ਕਰਦਾ ਹੈ। ਮੁਖ਼ਬਰ ਨੇ ਪੁਲੀਸ ਨੂੰ ਦੋ ਮੋਬਾਈਲ ਨੰਬਰ ਵੀ ਦੱਸੇ ਜੋ ਉਸ ਵਕਤ ਜੇਲ੍ਹ ਅੰਦਰ ਐਕਟਿਵ ਸਨ। ਪੁਲੀਸ ਦੇ ਦੱਸਣ ਮੁਤਾਬਕ ਮੁਖ਼ਬਰ ਨੇ ਦੱਸਿਆ ਕਿ ਇਹ ਜੇਲ੍ਹ ਅਧਿਕਾਰੀ ਅੱਤਵਾਦੀਆਂ ਅਤੇ ਨਸ਼ਾ ਤਸਕਰਾਂ ਨਾਲ ਮਿਲ ਕੇ ਡਰੋਨ ਰਾਹੀਂ ਜੇਲ੍ਹ ਅੰਦਰ ਨਸ਼ਾ, ਮੋਬਾਈਲ ਤੇ ਹੋਰ ਵਸਤੂਆਂ ਭੇਜਣ ਦੀ ਪਲਾਨਿੰਗ ਕਰ ਰਿਹਾ ਹੈ। ਇਹ ਵੀ ਪਤਾ ਲੱਗਾ ਕਿ ਡੀ.ਐਸ.ਪੀ. ਧਾਲੀਵਾਲ ਨੇ ਕੁਝ ਦਿਨ ਪਹਿਲਾਂ ਮੋਟੀ ਰਕਮ ਲੈ ਕੇ ਪੰਜ ਮੋਬਾਈਲ ਫ਼ੋਨ ਇਸ ਜੇਲ੍ਹ ਅੰਦਰ ਬੰਦ ਗੈਂਗਸਟਰਾਂ ਅਤੇ ਅੱਤਵਾਦੀਆਂ ਨੂੰ ਮੁਹੱਈਆ ਕਰਵਾਏ ਸਨ। ਸਾਰੀ ਜਾਣਕਾਰੀ ਇਕੱਤਰ ਕਰਨ ਤੋਂ ਬਾਅਦ ਪੁਲੀਸ ਨੇ ਇਸ ਜੇਲ੍ਹ ਅਧਿਕਾਰੀ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਮੋਹਿਤ ਧਵਨ ਨੇ ਦੱਸਿਆ ਕਿ ਮਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਸ ਦੌਰਾਨ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।