ਕੁਝ ਸਮਾਂ ਲੋਕਾਂ ਲਈ ਬੰਦ ਰੱਖ ਕੇ 19 ਕਰੋੜ ਦੀ ਲਾਗਤ ਨਾਲ ਕੀਤੀਆਂ ਤਬਦੀਲੀਆਂ ਅਤੇ ਦਿੱਤੀ ਗਈ ਨਵੀਂ ਦਿੱਖ ਕਰਕੇ ਜਲ੍ਹਿਆਂਵਾਲਾ ਬਾਗ ਦਾ ਵਿਵਾਦ ਭਖ ਗਿਆ ਸੀ। ਮੋਦੀ ਹਕੂਮਤ ਦੇ ਇਸ ਕਦਮ ਖ਼ਿਲਾਫ਼ ਕਈ ਮਹੀਨੇ ਤੋਂ ਸੰਘਰਸ਼ ਜਾਰੀ ਹੈ ਜਿਸ ਦਰਮਿਆਨ ਹੁਣ ਕੇਂਦਰੀ ਸੱਭਿਆਚਾਰਕ ਮੰਤਰਾਲੇ ਦੇ ਮਾਹਿਰਾਂ ਦੀ ਇਕ ਟੀਮ ਨੇ ਛੇਤੀ ਹੀ ਇਤਿਹਾਸਕ ਜੱਲ੍ਹਿਆਂਵਾਲਾ ਬਾਗ ਦਾ ਦੌਰਾ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਟੀਮ ਦੌਰਾ ਕਰਕੇ ਮੌਜੂਦ ਖਾਮੀਆਂ ਦਾ ਪਤਾ ਲਾਏਗੀ ਤੇ ਇਸ ਸਬੰਧੀ ਰਿਪੋਰਟ ਤਿਆਰ ਕਰਕੇ ਕੇਂਦਰ ਸਰਕਾਰ ਨੂੰ ਦੇਵੇਗੀ ਤਾਂ ਜੋ ਇਨ੍ਹਾਂ ਖਾਮੀਆਂ ਨੂੰ ਦੂਰ ਕੀਤਾ ਜਾ ਸਕੇ। ਇਹ ਖੁਲਾਸਾ ਕੇਂਦਰੀ ਸੱਭਿਆਚਾਰਕ ਮਾਮਲਿਆਂ ਦੇ ਮੰਤਰਾਲੇ ਦੇ ਸਕੱਤਰ ਗੋਬਿੰਦ ਮੋਹਨ ਵੱਲੋਂ ਕੀਤਾ ਗਿਆ ਹੈ। ਕੇਂਦਰੀ ਵਿਭਾਗ ਦੇ ਸਕੱਤਰ ਨੇ ਇਸ ਸਬੰਧ ‘ਚ ਇਤਿਹਾਸਕ ਜੱਲ੍ਹਿਆਂਵਾਲਾ ਬਾਗ਼ ਯਾਦਗਾਰੀ ਟਰੱਸਟ ਦੇ ਮੈਂਬਰ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਨੂੰ ਇਕ ਪੱਤਰ ਭੇਜਿਆ ਹੈ। 29 ਸਤੰਬਰ ਨੂੰ ਭੇਜੇ ਗਏ ਇਸ ਪੱਤਰ ‘ਚ ਸਕੱਤਰ ਨੇ ਦੱਸਿਆ ਹੈ ਕਿ ਜਲਦੀ ਹੀ ਮਾਹਿਰਾਂ ਦੀ ਇਕ ਟੀਮ ਇਤਿਹਾਸਕ ਬਾਗ ‘ਚ ਖ਼ਾਮੀਆਂ ਸਬੰਧੀ ਜਾਇਜ਼ਾ ਲੈਣ ਆਵੇਗੀ ਤੇ ਬਾਗ਼ ਦੇ ਸੁੰਦਰੀਕਰਨ ਮਗਰੋਂ ਦਰਜ ਕਰਵਾਏ ਗਏ ਇਤਰਾਜ਼ਾਂ ਬਾਰੇ ਜਾਂਚ ਕਰੇਗੀ। ਉਨ੍ਹਾਂ ਦੱਸਿਆ ਕਿ ਅਜਿਹੇ ਇਤਰਾਜ਼ਾਂ ਵਾਲੇ ਮਾਮਲਿਆਂ ‘ਚੋਂ ਕੁਝ ਮਾਮਲੇ ਹੱਲ ਵੀ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ‘ਚ ਪੰਜਾਬੀ ਤੇ ਗੁਰਮੁਖੀ ਦੀਆਂ ਗ਼ਲਤੀਆਂ ਅਤੇ ਇਤਿਹਾਸਕ ਖੂਹ ਦੇ ਨੇੜੇ ਪੈਸੇ ਸੁੱਟਣ ਵਾਲਾ ਰਾਹ ਬੰਦ ਕਰਨਾ ਸ਼ਾਮਲ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਮਾਹਿਰਾਂ ਦੀ ਟੀਮ ਦੇ ਦੌਰੇ ਤੋਂ ਬਾਅਦ ਖਾਮੀਆਂ ਸਬੰਧੀ ਜੋ ਰਿਪੋਰਟ ਤਿਆਰ ਹੋਵੇਗੀ ਉਨ੍ਹਾਂ ਨੂੰ ਜਲਦੀ ਹੱਲ ਕਰਨ ਦਾ ਯਤਨ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਸਬੰਧ ‘ਚ ਕੁਝ ਦਿਨ ਪਹਿਲਾਂ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਵੱਲੋਂ ਵਿਭਾਗ ਨੂੰ ਇਕ ਪੱਤਰ ਭੇਜ ਕੇ ਮੌਜੂਦਾ ਖਾਮੀਆਂ ਅਤੇ ਉਨ੍ਹਾਂ ਬਾਰੇ ਹੋ ਰਹੇ ਇਤਰਾਜ਼ ਬਾਰੇ ਜਾਣੂ ਕਰਵਾਇਆ ਗਿਆ ਸੀ। ਉਨ੍ਹਾਂ ਨੇ ਇਥੇ ਪੰਜਾਬੀ ਅਤੇ ਗੁਰਮੁਖੀ ਵਿੱਚ ਲਿਖੀਆਂ ਸਤਰਾਂ ‘ਚ ਗਲਤੀਆਂ ਦੀ ਸ਼ਿਕਾਇਤ ਵੀ ਕੀਤੀ ਸੀ। ਇਸ ਮੌਕੇ ਜੱਲ੍ਹਿਆਂਵਾਲਾ ਬਾਗ ‘ਚ ਗੋਲੀਆਂ ਚਲਾਉਣ ਵਾਲੇ ਸਥਾਨ ਨੂੰ ਪ੍ਰਦਰਸ਼ਿਤ ਕਰਦੇ ਥੰਮ੍ਹ ਨੂੰ ਮੁੜ ਸਥਾਪਤ ਕਰਨ ਦੀ ਮੰਗ ਕੀਤੀ ਗਈ ਸੀ। ਇਸ ਤੋਂ ਪਹਿਲਾਂ ਇੰਡੀਅਨ ਨੈਸ਼ਨਲ ਟਰੱਸਟ ਫਾਰ ਆਰਟ ਐਂਡ ਕਲਚਰ ਹੈਰੀਟੇਜ ਦੀ ਟੀਮ ਵੱਲੋਂ ਇਥੇ ਪੰਜਾਬੀ ‘ਚ ਲੱਗੇ ਸਾਈਨ ਬੋਰਡਾਂ ‘ਚ ਗਲਤੀਆਂ ਦਾ ਮੁੱਦਾ ਉਭਾਰਿਆ ਸੀ।