ਜਲੰਧਰ ਸ਼ਹਿਰ ਦੇ ਬੈਡਮਿੰਟਨ ਖਿਡਾਰੀ ਅਭਿਨਵ ਠਾਕੁਰ ਨੂੰ ਸਪੇਨ ‘ਚ ਹੋਣ ਵਾਲੀ ਵਰਲਡ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ਲਈ ਭਾਰਤੀ ਟੀਮ ‘ਚ ਚੁਣਿਆ ਗਿਆ ਹੈ। ਇਹ ਚੈਂਪੀਅਨਸ਼ਿਪ 24 ਤੋਂ 30 ਅਕਤੂਬਰ ਤੱਕ ਚੱਲੇਗੀ। ਖਿਡਾਰੀਆਂ ਦੀ ਚੋਣ ਲਈ ਲਈ ਰਾਏਪੁਰ ‘ਚ ਬੈਡਮਿੰਟਨ ਐਸੋਸੀਏਸ਼ਨ ਆਫ ਇੰਡੀਆ ਵੱਲੋਂ ਟਰਾਇਲ ਕਰਵਾਏ ਗਏ ਜਿਸ ‘ਚ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਮੁੱਖ ਮਹਿਮਾਨ ਵਜੋਂ ਅਭਿਨਵ ਨੂੰ ਸਨਮਾਨਿਤ ਕੀਤਾ ਹੈ। ਰੇਲਵੇ ਆਡਿਟ ਅਫਸਰ ਸੁਦਰਸ਼ਨ ਠਾਕੁਰ ਦੇ ਪੁੱਤਰ ਅਭਿਨਵ ਦੀ ਇਸ ਪੁਲਾਂਘ ਨੇ ਜਲੰਧਰ ਸ਼ਹਿਰ ਦਾ ਨਾਂ ਇਕ ਵਾਰ ਮੁੜ ਚਮਕਾ ਦਿੱਤਾ ਹੈ। ਸਾਲ 1999 ‘ਚ ਛੱਤੀਸਗੜ੍ਹ ‘ਚ ਆਯੋਜਿਤ ਚਾਰ ਰੋਜ਼ਾ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ‘ਚ ਜਲੰਧਰ ਸ਼ਹਿਰ ਦੇ ਸਚਿਨ ਰੱਤੀ ਭਾਰਤੀ ਟੀਮ ਦਾ ਹਿੱਸਾ ਸਨ। ਅਭਿਨਵ ਦੀ ਭੈਣ ਪਾਰੁਲ ਠਾਕੁਰ ਵੀ ਰਾਸ਼ਟਰੀ ਪੱਧਰ ਦੀ ਬੈਡਮਿੰਟਨ ਖਿਡਾਰਨ ਹੈ, ਪਿਤਾ ਸੁਦਰਸ਼ਨ ਠਾਕੁਰ ਰੇਲਵੇ ‘ਚ ਆਡਿਟ ਅਫਸਰ ਹਨ ਅਤੇ ਮਾਂ ਸੀਮਾ ਠਾਕੁਰ ਦੁਆਬਾ ਖਾਲਸਾ ਮਾਡਲ ਸਕੂਲ ਲਾਡੋਵਾਲੀ ਰੋਡ ‘ਚ ਅਧਿਆਪਕਾ ਹੈ। ਅਭਿਨਵ 6 ਸਾਲਾਂ ਤੋਂ ਹੈਦਰਾਬਾਦ ਦੀ ਗੋਪੀਚੰਦ ਅਕੈਡਮੀ ‘ਚ ਅਭਿਆਸ ਕਰ ਰਿਹਾ ਹੈ। 12ਵੀਂ ਪਾਸ ਅਭਿਨਵ ਨੇ ਇਸ ਸਾਲ ਪੰਜਾਬੀ ਯੂਨੀਵਰਸਿਟੀ ‘ਚ ਦਾਖ਼ਲਾ ਲਿਆ ਹੈ। ਜੁਨੀਅਰ ਵਿਸ਼ਵ ਚੈਂਪੀਅਨਸ਼ਿਪ ‘ਚ ਹੁਸ਼ਿਆਰਪੁਰ ਦੀ ਰਾਧਿਕਾ ਵੀ ਸ਼ਾਮਲ ਹੈ। ਇੰਡੀਆ ਰੈਂਕ ਦੀ ਗੱਲ ਕਰੀਏ ਤਾਂ ਅਭਿਨਵ ਅੰਡਰ-19 ਡਬਲਜ਼ ‘ਚ ਪਹਿਲੇ ਅਤੇ ਅੰਡਰ-19 ਸਿੰਗਲਜ਼ ‘ਚ 9ਵੇਂ ਸਥਾਨ ‘ਤੇ ਹੈ ਜਦਕਿ ਸਟੇਟ ਰੈਂਕ ‘ਚ ਮੈਨਸ ਸਿੰਗਲ ਅਤੇ ਡਬਲ ‘ਚ ਪਹਿਲੇ ਸਥਾਨ ‘ਤੇ ਹਨ।