ਵਰਲਡ ਦੇ ਸਾਬਕਾ ਨੰਬਰ ਇਕ ਖਿਡਾਰੀ ਕਿਦਾਂਬੀ ਸ੍ਰੀਕਾਂਤ ਨੇ ਮੰਗਲਵਾਰ ਤੋਂ ਸ਼ੁਰੂ ਹੋਏ ਜਰਮਨ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ ‘ਚੋਂ ਆਪਣਾ ਨਾਮ ਵਾਪਸ ਲੈ ਲਿਆ ਹੈ ਜਿਸ ਮਗਰੋਂ ਪਿਛਲੇ ਸਾਲ ਦਾ ਉਪ ਜੇਤੂ ਲਕਸ਼ੈ ਸੇਨ ਭਾਰਤੀ ਚੁਣੌਤੀ ਦੀ ਅਗਵਾਈ ਕਰੇਗਾ। ਸੇਨ ਦੇ ਨਾਲ ਹਾਲ ਹੀ ‘ਚ ਕੌਮੀ ਚੈਂਪੀਅਨ ਬਣੇ ਮਿਥੁਨ ਮੰਜੂਨਾਥ ਤੋਂ ਟੂਰਨਾਮੈਂਟ ‘ਚ ਚੰਗੇ ਪ੍ਰਦਰਸ਼ਨ ਦੀ ਉਮੀਦ ਹੋਵੇਗੀ। ਰਾਸ਼ਟਰਮੰਡਲ ਖੇਡਾਂ ‘ਚ ਸੋਨ ਤਗ਼ਮਾ ਜੇਤੂ ਸੇਨ ਨੇ ਪਿਛਲੇ ਸੈਸ਼ਨ ਦੇ ਸੈਮੀਫਾਈਨਲ ‘ਚ ਵਰਲਡ ਦੇ ਨੰਬਰ ਇਕ ਖਿਡਾਰੀ ਵਿਕਟਰ ਐਕਸੈਲਸੇਨ ਨੂੰ ਹਰਾਇਆ ਸੀ ਪਰ ਫਾਈਨਲ ‘ਚ ਹਾਰ ਕੇ ਉਹ ਖਿਤਾਬ ਤੋਂ ਖੁੰਝ ਗਿਆ ਸੀ। ਉਹ ਫਰਾਂਸ ਦੇ ਕ੍ਰਿਸਟੋ ਪੋਪੋਵ ਖ਼ਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ ਜਦਕਿ ਸ਼ੁਰੂਆਤੀ ਚੁਣੌਤੀਆਂ ਪਾਰ ਕਰਨ ਤੋਂ ਬਾਅਦ ਕੁਆਰਟਰ ਫਾਈਨਲ ‘ਚ ਉਸ ਦਾ ਮੁਕਾਬਲਾ ਮਲੇਸ਼ੀਆ ਦੇ ਸਿਖਰਲਾ ਦਰਜਾ ਪ੍ਰਾਪਤ ਲੀ ਜੀ ਜੀਆ ਨਾਲ ਹੋ ਸਕਦਾ ਹੈ। ਸਾਇਨਾ ਨੇਹਵਾਲ ਅਤੇ ਮਾਲਵਿਕਾ ਬੰਸੌਦ ਵੀ ਮਹਿਲਾ ਸਿੰਗਲਜ਼ ਡਰਾਅ ‘ਚ ਹਨ ਜਦਕਿ ਅਸ਼ਵਨੀ ਪੋਨੱਪਾ ਅਤੇ ਬੀ. ਸੁਮੀਤ ਰੈੱਡੀ ਦੀ ਮਿਕਸਡ ਡਬਲਜ਼ ਜੋੜੀ ਵੀ ਇਥੇ ਚੁਣੌਤੀ ਪੇਸ਼ ਕਰਨ ਲਈ ਤਿਆਰ ਹੈ।