ਅਮਰੀਕਾ ‘ਚ ਜਾਰਜ ਫਲਾਇਡ ਦੀ ਮੌਤ ਦਾ ਮਾਮਲਾ ਇਕ ਸਮੇਂ ਦੁਨੀਆਂ ਭਰ ‘ਚ ਚਰਚਾ ਦਾ ਵਿਸ਼ਾ ਬਣਿਆ ਸੀ ਅਤੇ ਇਸ ਤੋਂ ਬਾਅਦ ਅਮਰੀਕਾ ਅਤੇ ਅਮਰੀਕਨ ਪੁਲੀਸ ਨੂੰ ਨਮੋਸ਼ੀ ਝੱਲਣੀ ਪਈ ਸੀ। ਅਸਲ ‘ਚ ਅਫਰੀਕੀਨ ਮੂਲ ਦੇ ਜਾਰਜ ਫਲਾਇਡ ਦੀ ਪਿੱਠ ਨੂੰ ਪੁਲੀਸ ਅਧਿਕਾਰੀ ਨੇ ਗੋਡੇ ਨਾਲ ਦਬਾਇਆ ਸੀ। ਜਾਰਜ ਦੇ ਦੁਹਾਈ ਪਾਉਣ ਦੇ ਬਾਵਜੂਦ ਉਸ ਨੂੰ ਦੱਬੀ ਰੱਖਿਆ ਗਿਆ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਸੀ। ਇਸ ਦੀ ਵੀਡੀਓ ਉਥੇ ਮੌਜੂਦ ਕੁਝ ਲੋਕਾਂ ਨੇ ਬਣਾ ਲਈ ਜੋ ਬਾਅਦ ‘ਚ ਵਾਇਰਲ ਹੋ ਗਈ। ਇਸ ਮਾਮਲੇ ‘ਚ ਹੁਣ ਮਿਨੀਆਪੋਲਿਸ ਦੇ ਸਾਬਕਾ ਪੁਲੀਸ ਅਧਿਕਾਰੀ ਜੇ ਅਲੈਗਜ਼ੈਂਡਰ ਕੁਆਂਗ ਨੂੰ ਸਾਢੇ 3 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਕੁਆਂਗ ਨੇ 25 ਮਈ 2020 ਨੂੰ ਫਲਾਇਡ ਦੀ ਪਿੱਠ ਨੂੰ ਉਸ ਸਮੇਂ ਗੋਡੇ ਨਾਲ ਦਬਾਈ ਰੱਖਿਆ ਸੀ ਜਦੋਂ ਇਕ ਹੋਰ ਪੁਲੀਸ ਅਧਿਕਾਰੀ ਨੇ ਉਸਦੀ ਗਰਦਨ ‘ਤੇ ਗੋਡਾ ਰੱਖਿਆ ਹੋਇਆ ਸੀ। ਇਸ ਦੌਰਾਨ ਸਾਹ ਲੈਣ ‘ਚ ਤਕਲੀਫ਼ ਹੋਣ ਅਤੇ ਸਾਹ ਘੁਟਣ ਕਾਰਨ ਫਲਾਇਡ ਦੀ ਮੌਤ ਹੋ ਗਈ ਸੀ। ਇਸ ਘਟਨਾ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਅਮਰੀਕਾ ‘ਚ ਭਾਰੀ ਵਿਰੋਧ ਪ੍ਰਦਰਸ਼ਨ ਹੋਏ ਸਨ। ਕੁਆਂਗ ਨੂੰ ਅਕਤੂਬਰ ‘ਚ ਦੂਜੇ ਦਰਜੇ ਦੇ ਕਤਲ ਲਈ ਉਕਸਾਉਣ ਅਤੇ ਉਸ ‘ਚ ਸਹਿਯੋਗ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਸੀ। ਉਹ ਪਹਿਲਾਂ ਹੀ ਫਲਾਇਡ ਦੇ ਨਾਗਰਿਕ ਅਧਿਕਾਰਾਂ ਦੀ ਉਲੰਘਣਾ ਕਰਨ ਲਈ ਸੰਘੀ ਸਜ਼ਾ ਕੱਟ ਰਿਹਾ ਹੈ। ਉਸ ਨੂੰ ਓਹੀਓ ਦੀ ਜੇਲ੍ਹ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ‘ਚ ਪੇਸ਼ ਕੀਤਾ ਗਿਆ।ਜ਼ਿਕਰਯੋਗ ਹੈ ਕਿ 25 ਮਈ 2020 ਨੂੰ ਸਾਬਕਾ ਪੁਲੀਸ ਅਧਿਕਾਰੀ ਡੇਰੇਕ ਚੌਵਿਨ ਨੇ ਫਲਾਇਡ ਦੀ ਗਰਦਨ ਨੂੰ ਕਰੀਬ 9 ਮਿੰਟ ਤੱਕ ਆਪਣੇ ਗੋਡੇ ਨਾਲ ਦਬਾਈ ਰੱਖਿਆ ਸੀ ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ। ਮਾਮਲੇ ਦੀ ਸੁਣਵਾਈ ਦੌਰਾਨ ਕੁਆਂਗ ਨੇ ਮੰਨਿਆ ਸੀ ਕਿ ਉਸ ਨੇ ਫਲਾਇਡ ਦੀ ਪਿੱਠ ਨੂੰ ਘੁੱਟ ਕੇ ਫੜਿਆ ਹੋਇਆ ਸੀ ਅਤੇ ਉਹ ਆਪਣੇ ਤਜ਼ਰਬੇ ਅਤੇ ਪੁਲੀਸ ਸਿਖਲਾਈ ਤੋਂ ਜਾਣਦਾ ਸੀ ਕਿ ਹੱਥਕੜੀ ਵਾਲੇ ਵਿਅਕਤੀ ਨੂੰ ਇਸ ਸਥਿਤੀ ‘ਚ ਫੜੇ ਰੱਖਣਾ ਉਸ ਲਈ ਜਾਨਲੇਵਾ ਸਾਬਤ ਹੋ ਸਕਦਾ ਹੈ।