ਦੂਜੇ ਵਿਸ਼ਵ ਯੁੱਧ ਦੀ ਸਮਾਪਤੀ ਤੋਂ ਬਾਅਦ ਪਹਿਲੀ ਵਾਰ ਇਟਲੀ ‘ਚ ਸੱਜੇ-ਪੱਖੀ ਗੱਠਜੋੜ ਦੀ ਸਰਕਾਰ ਬਣੀ ਹੈ ਅਤੇ ਜਾਰਜੀਆ ਮੇਲੋਨੀ ਇਟਲੀ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣ ਗਈ ਹੈ। ਜਾਰਜੀਆ ਮੇਲੋਨੀ ਨੇ ਨਵੀਂ ਗਠਜੋੜ ਸਰਕਾਰ ਬਣਾ ਲਈ ਹੈ। ਰਾਸ਼ਟਰਪਤੀ ਭਵਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੇਲੋਨੀ ਤੇ ਉਨ੍ਹਾਂ ਦੇ ਮੰਤਰੀ ਮੰਡਲ ਨੂੰ ਸ਼ਨਿਚਰਵਾਰ ਨੂੰ ਸਹੁੰ ਚੁਕਾਈ ਗਈ। ਮੇਲੋਨੀ ਦੀ ਨਵ-ਫਾਸ਼ੀਵਾਦੀ ਪਾਰਟੀ ‘ਬ੍ਰਦਰਜ਼ ਆਫ਼ ਇਟਲੀ’ ਪਿਛਲੇ ਮਹੀਨੇ 25 ਸਤੰਬਰ ਨੂੰ ਇਟਲੀ ਦੀਆਂ ਆਮ ਚੋਣਾਂ ‘ਚ ਸਭ ਤੋਂ ਵੱਧ ਵੋਟਾਂ ਹਾਸਲ ਕਰਨ ਵਾਲੀ ਪਾਰਟੀ ਵਜੋਂ ਉਭਰੀ ਸੀ। ਇਸ ਤੋਂ ਪਹਿਲਾਂ ਪਾਰਟੀ ਦੀ ਦੋ ਰੋਜ਼ਾ ਮੀਟਿੰਗ ਤੋਂ ਬਾਅਦ 45 ਸਾਲਾ ਮੇਲੋਨੀ ਨੂੰ ਅਗਲਾ ਪ੍ਰਧਾਨ ਮੰਤਰੀ ਚੁਣ ਲਿਆ ਗਿਆ। ਇਟਲੀ ‘ਚ 1945 ਤੋਂ ਬਾਅਦ 2022 ਤੱਕ 77 ਸਾਲਾਂ ‘ਚ 70ਵੀਂ ਵਾਰ ਸਰਕਾਰ ਬਦਲੀ ਹੈ। ਮੇਲੋਨੀ ਦੇ ਪ੍ਰਧਾਨ ਮੰਤਰੀ ਬਣਨ ਨਾਲ ਇਟਲੀ ਦੇ ਫਾਸ਼ੀਵਾਦੀ ਤਾਨਾਸ਼ਾਹ ਬੇਨੀਟੋ ਮੁਸੋਲਿਨੀ ਦੀ ਚਰਚਾ ਵੀ ਤੇਜ਼ ਹੋ ਗਈ ਹੈ। ਦਰਅਸਲ, ਮੇਲੋਨੀ ਆਪਣੇ-ਆਪ ਨੂੰ ਮੁਸੋਲਿਨੀ ਸਮਰਥਕ ਮੰਨਦੀ ਹੈ। ਮੇਲੋਨੀ ਇਟਲੀ ਦੇ ਲੋਕਾਂ ‘ਚ ਉਦੋਂ ਚਰਚਿਤ ਹੋਈ ਜਦੋਂ ਉਸ ਦੀ ਪਾਰਟੀ ਦਰਾਗੀ ਦੀ ਅਗਵਾਈ ਵਾਲੇ ਰਾਸ਼ਟਰੀ ਏਕਤਾ ਗੱਠਜੋੜ ‘ਚ ਸ਼ਾਮਲ ਨਾ ਹੋਣ ਦਾ ਫੈਸਲਾ ਕਰਦਿਆਂ ਮੁੱਖ ਵਿਰੋਧੀ ਪਾਰਟੀ ਬਣ ਗਈ ਸੀ।