ਜੰਮੂ ‘ਚ ਸ਼ਨੀਵਾਰ ਨੂੰ 15 ਮਿੰਟਾਂ ਅੰਦਰ ਹੋਏ 2 ਬੰਬ ਧਮਾਕਿਆਂ ‘ਚ 7 ਲੋਕ ਜ਼ਖ਼ਮੀ ਹੋ ਗਏ। ਐਡੀਸ਼ਨਲ ਪੁਲੀਸ ਡਾਇਰੈਕਟਰ ਜਨਰਲ ਨੇ ਧਮਾਕਿਆਂ ਅਤੇ 7 ਲੋਕਾਂ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਕੀਤੀ। ਹਸਪਤਾਲ ਸੂਤਰਾਂ ਨੇ ਹਾਲਾਂਕਿ ਕਿਹਾ ਕਿ ਛਰਰੇ ਲੱਗਣ ਨਾਲ 7 ਲੋਕਾਂ ਨੂੰ ਦਾਖ਼ਲ ਕਰਵਾਇਆ ਗਿਆ ਅਤੇ ਸਾਰਿਆਂ ਦੀ ਹਾਲਤ ਸਥਿਰ ਹੈ। ਇਕ ਅਧਿਕਾਰੀ ਨੇ ਕਿਹਾ ਕਿ ਪਹਿਲਾ ਧਮਾਕਾ ਸਵੇਰੇ ਕਰੀਬ 10.45 ਵਜੇ ਹੋਇਆ। ਉਸ ਤੋਂ ਬਾਅਦ ਇਕ ਹੋਰ ਧਮਾਕਾ ਹੋਇਆ। ਉਨ੍ਹਾਂ ਕਿਹਾ ਕਿ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ ਅਤੇ ਤਲਾਸ਼ੀ ਮੁਹਿੰਮ ਜਾਰੀ ਹੈ। ਇਕ ਚਸ਼ਮਦੀਦ ਜਸਵਿੰਦਰ ਸਿੰਘ ਨੇ ਕਿਹਾ ਕਿ ਪਹਿਲਾ ਧਮਾਕਾ ਇਕ ਵਾਹਨ ‘ਚ ਹੋਇਆ, ਜਿਸ ਨੂੰ ਮੁਰੰਮਤ ਲਈ ਵਰਕਸ਼ਾਪ ਭੇਜਿਆ ਗਿਆ ਸੀ। ਮੋਟਰ ਸਪੇਅਰਜ਼ ਪਾਰਟਸ ਐਸੋਸੀਏਸ਼ਨ ਦੇ ਮੁਖੀ ਸਿੰਘ ਨੇ ਕਿਹਾ ਕਿ 15 ਮਿੰਟ ਬਾਅਦ, ਨੇੜੇ ਇਕ ਹੋਰ ਧਮਾਕਾ ਹੋਇਆ, ਜਿਸ ਨਾਲ ਨੁਕਸਾਨੇ ਹਿੱਸਿਆਂ ਅਤੇ ਕੂੜੇ ਨਾਲ ਖੇਤਰ ਭਰ ਗਿਆ। ਉਨ੍ਹਾਂ ਕਿਹਾ ਕਿ ਪਹਿਲੇ ਧਮਾਕੇ ‘ਚ 5 ਲੋਕ ਜ਼ਖ਼ਮੀ ਹੋਏ ਸਨ ਅਤੇ ਦੂਜੇ ‘ਚ 2 ਹੋਰ। ਇਸੇ ਦੌਰਾਨ ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ‘ਚ ਸਾਬਕਾ ਵਿਧਾਇਕ ਦੇ ਘਰ ‘ਚ ਧਮਾਕਾ ਹੋਣ ਦੀ ਸੂਚਨਾ ਮਿਲੀ ਹੈ। ਸੂਰਨਕੋਟ ਦੇ ਸਾਬਕਾ ਵਿਧਾਇਕ ਚੌਧਰੀ ਮੁਹੰਮਦ ਅਕਰਮ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਸ਼ਾਮ 7.30 ਵਜੇ ਦੇ ਕਰੀਬ ਲਸਾਨਾ ਪਿੰਡ ਦੀ ਹੈ। ਉਨ੍ਹਾਂ ਦੇ ਘਰ ਦੇ ਕਈ ਕਮਰਿਆਂ ਦੀ ਛੱਤ ‘ਚੋਂ ਛੱਰੇ ਲੰਘ ਗਏ ਪਰ ਉਨ੍ਹਾਂ ਦਾ ਪਰਿਵਾਰ ਵਾਲ-ਵਾਲ ਬਚ ਗਿਆ। ਅਕਰਮ ਨੇ ਜੰਮੂ ‘ਚ ਦੱਸਿਆ ਕਿ ਘਟਨਾ ਦੇ ਸਮੇਂ ਉਹ ਘਰ ‘ਚ ਨਹੀਂ ਸੀ। ਬਾਅਦ ‘ਚ ਪਤਾ ਲੱਗਾ ਕਿ ਜ਼ਬਰਦਸਤ ਧਮਾਕਾ ਹੋਇਆ, ਜਿਸ ਤੋਂ ਬਾਅਦ ਕੁਝ ਗੋਲੀਆਂ ਚੱਲੀਆਂ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।