ਇੰਡੀਆ ਦੀ ਮਹਿਲਾ ਗ੍ਰੈਂਡ ਮਾਸਟਰ ਪ੍ਰਿਯੰਕਾ ਨੁਟਕੱਕੀ ਨੂੰ ਉਸ ਦੀ ਜੈਕੇਟ ਦੀ ਜੇਬ ਵਿੱਚ ‘ਈਅਰਬਡ’ ਹੋਣ ਕਾਰਨ ਇਟਲੀ ‘ਚ ਵਰਲਡ ਜੂਨੀਅਰ ਸ਼ਤਰੰਜ ਚੈਂਪੀਅਨਸ਼ਿਪ ‘ਚੋਂ ਬਾਹਰ ਕਰ ਦਿੱਤਾ ਗਿਆ ਹੈ। ਸ਼ਤਰੰਜ ਦੀ ਵਿਸ਼ਵ ਪੱਧਰੀ ਸੰਚਾਲਨ ਸੰਸਥਾ ਫਿਡੇ ਨੇ ਇਹ ਜਾਣਕਾਰੀ ਦਿੱਤੀ। 22 ਸਾਲਾ ਪ੍ਰਿਯੰਕਾ ਦੀ ਜੈਕੇਟ ਦੀ ਜੇਬ ‘ਚ ਨਿਯਮਿਤ ਤਲਾਸ਼ੀ ਦੌਰਾਨ ‘ਈਅਰਬਡ’ ਦਾ ਜੋੜਾ ਮਿਲਿਆ ਜਿਹੜੀ ਸ਼ਤਰੰਜ ਦੌਰਾਨ ਪਾਬੰਦੀਸ਼ੁਦਾ ਚੀਜ਼ ਹੈ। ਫਿਡੇ ਨੇ ਕਿਹਾ, ‘ਪ੍ਰਿਯੰਕਾ ਵੱਲੋਂ ਧੋਖਾਧੜੀ ਦਾ ਕੋਈ ਸੰਕੇਤ ਨਹੀਂ ਮਿਲਿਆ ਪਰ ਖੇਡਣ ਦੇ ਹਾਲ ‘ਚ ਈਅਰਬਡ ਲਿਆਉਣ ਦੀ ਸਖਤ ਮਨਾਹੀ ਹੈ। ਬਾਜ਼ੀ ਦੌਰਾਨ ਇਨ੍ਹਾਂ ਉਪਕਰਨਾਂ ਨੂੰ ਰੱਖਣਾ ਫੇਅਰਪਲੇਅ ਦੀਆਂ ਨੀਤੀਆਂ ਦੀ ਉਲੰਘਣਾ ਹੈ ਤੇ ਇਸ ਦੀ ਸਜ਼ਾ ਬਾਜ਼ੀ ਗੁਆਉਣ ਅਤੇ ਟੂਰਨਾਮੈਂਟ ‘ਚੋਂ ਬਾਹਰ ਕੀਤਾ ਜਾਣਾ ਹੈ।’