ਚਾਰ ਵਾਰ ਦੀ ਚੈਂਪੀਅਨ ਟੀਮ ਜਰਮਨੀ ਨੂੰ 2-1 ਗੋਲਾਂ ਨਾਲ ਹਰਾ ਕੇ ਜਾਪਾਨ ਨੇ ਫੀਫਾ ਵਰਲਡ ਕੱਪ ‘ਚ ਦੂਜਾ ਵੱਡਾ ਉਲਟਫੇਰ ਕੀਤਾ। ਇਸ ਜਿੱਤ ਦਾ ਸਿਹਰਾ ਰਿਤਸੂ ਦੋਅਨ ਅਤੇ ਤਾਕੁਮਾ ਅਸਾਨੋ ਦੇ ਸਿਰ ਬੱਝਿਆ। ਇਸ ਤੋਂ ਪਹਿਲਾਂ ਸਾਊਦੀ ਅਰਬ ਨੇ ਅਰਜਨਟੀਨਾ ਨੂੰ ਹਰਾ ਕੇ ਵੱਡਾ ਉਲਟਫੇਰ ਕੀਤਾ ਸੀ। ਗਰੁੱਪ ਗੇੜ ‘ਈ’ ਦੇ ਮੈਚ ਦੌਰਾਨ ਜਾਪਾਨ ਨੇ ਇਕ ਗੋਲ ਪੱਛੜਣ ਮਗਰੋਂ ਸ਼ਾਨਦਾਰ ਵਾਪਸੀ ਕੀਤੀ। ਇਲਕੇ ਗੁੰਡੋਗਨ ਨੇ ਜਰਮਨੀ ਨੂੰ ਪਹਿਲੇ ਹਾਫ ‘ਚ ਪੈਨਲਟੀ ‘ਤੇ ਗੋਲ ਕਰ ਕੇ ਲੀਡ ਦਿਵਾਈ ਸੀ। ਹਾਲਾਂਕਿ ਜਾਪਾਨ ਨੇ ਦੂਜੇ ਹਾਫ ‘ਚ ਸੱਤ ਮਿੰਟ ਦੇ ਅੰਦਰ ਦੋ ਗੋਲ ਕਰ ਕੇ ਯੂਰੋਪ ਦੀ ਮਜ਼ਬੂਤ ਟੀਮ ਨੂੰ ਸੋਚਾਂ ‘ਚ ਪਾ ਦਿੱਤਾ। ਮੈਚ ਦੇ 76ਵੇਂ ਮਿੰਟ ‘ਚ ਤਾਕੁਮੀ ਮਿਨਾਮਿਨੋ ਦੋਅਨ ਵੱਲੋਂ ਦਾਗ਼ੇ ਸ਼ਾਟ ਨੂੰ ਦੋਅਨ ਨੇ ਗੋਲ ‘ਚ ਬਦਲ ਦਿੱਤਾ। 83ਵੇਂ ਮਿੰਟ ‘ਚ ਅਸਾਨੋ ਨੇ ਜਾਪਾਨ ਦੀ ਲੀਡ ਦੁੱਗਣੀ ਕਰ ਦਿੱਤੀ। ਦੋਵਾਂ ਟੀਮਾਂ ‘ਚ ਇਹ ਪਹਿਲਾ ਮੁਕਾਬਲਾ ਸੀ। ਜਰਮਨੀ ਦੇ ਖਿਡਾਰੀਆਂ ਨੇ ਮੈਚ ਤੋਂ ਪਹਿਲਾਂ ਤਸਵੀਰ ਖਿੱਚੇ ਜਾਣ ਮੌਕੇ ਆਪਣੇ ਚਿਹਰੇ ਢਕ ਲਏ ਸਨ। ਇਹ ਮੇਜ਼ਬਾਨ ਦੇਸ਼ ਕਤਰ ‘ਚ ਭੇਦਭਾਵ ਦਾ ਵਿਰੋਧ ਕਰਨ ਲਈ ਬਾਂਹ ‘ਤੇ ਪੱਟੀ ਬੰਨ੍ਹਣ ਦੀ ਯੋਜਨਾ ‘ਤੇ ਫੀਫਾ ਦੇ ਸਖ਼ਤ ਰੁਖ਼ ਦੀ ਨਿਖੇਧੀ ਕਰਨ ਦਾ ਤਰੀਕਾ ਹੈ।