ਦੇਸ਼ ਦੇ ਪੱਛਮੀ ਹਿੱਸੇ ’ਚ ਜਦੋਂ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਇਕ ਚੋਣ ਸਮਾਗਮ ’ਚ ਭਾਸ਼ਣ ਦੇ ਰਹੇ ਸਨ ਤਾਂ ਕਿਸੇ ਨੇ ਉਨ੍ਹਾਂ ਦੇ ਨੇਡ਼ਿਓਂ ਗੋਲੀ ਮਾਰ ਦਿੱਤੀ। ਗੋਲੀ ਲੱਗਣ ਤੋਂ ਬਾਅਦ ਆਬੇ ਨੂੰ ਦਿਲ ਦੌਰਾ ਪਿਆ ਅਤੇ ਉਨ੍ਹਾਂ ਨੂੰ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ ਜਿਥੇ ਉਨ੍ਹਾਂ ਦੀ ਹਾਲਤ ਅਤਿ ਨਾਜ਼ੁਕ ਬਣੀ ਹੋਈ ਹੈ। ਸਰਕਾਰੀ ਬ੍ਰਾਡਕਾਸਟਰ ਐੱਨ.ਐੱਚ.ਕੇ. ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਘਟਨਾ ਦੀ ਇਕ ਫੁਟੇਜ ਪ੍ਰਸਾਰਿਤ ਕੀਤੀ ਹੈ ਜਿਸ ’ਚ ਆਬੇ ਨੂੰ ਸਡ਼ਕ ’ਤੇ ਡਿੱਗਦੇ ਹੋਏ ਦੇਖਿਆ ਜਾ ਸਕਦਾ ਹੈ ਅਤੇ ਕਈ ਸੁਰੱਖਿਆ ਕਰਮੀ ਉਨ੍ਹਾਂ ਵੱਲ ਦੌਡ਼ਦੇ ਹੋਏ ਦੇਖੇ ਜਾ ਸਕਦੇ ਹਨ। ਆਬੇ ਜਦੋਂ ਜ਼ਮੀਨ ’ਤੇ ਡਿੱਗੇ ਤਾਂ ਉਨ੍ਹਾਂ ਨੇ ਆਪਣਾ ਹੱਥ ਆਪਣੀ ਛਾਤੀ ’ਤੇ ਰੱਖਿਆ ਹੋਇਆ ਸੀ ਅਤੇ ਉਨ੍ਹਾਂ ਦੀ ਕਮੀਜ਼ ’ਤੇ ਖੂਨ ਲੱਗਾ ਦਿਖਾਈ ਦਿੱਤਾ। ਆਬੇ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਐੱਨ.ਐੱਚ.ਕੇ. ਨੇ ਦੱਸਿਆ ਕਿ ਪੁਲੀਸ ਨੇ ਮੌਕੇ ’ਤੇ ਇੱਕ ਸ਼ੱਕੀ ਨੂੰ ਫਡ਼ ਲਿਆ ਹੈ। ਚਸ਼ਮਦੀਦਾਂ ਨੇ ਨਾਰਾ ਖੇਤਰ ’ਚ ਗੋਲੀਆਂ ਚੱਲਣ ਦੀ ਆਵਾਜ਼ ਸੁਣੀ। ਆਬੇ ’ਤੇ ਕਥਿਤ ਤੌਰ ’ਤੇ ਉਸ ਸਮੇਂ ਹਮਲਾ ਕੀਤਾ ਗਿਆ ਜਦੋਂ ਉਹ ਸੰਸਦ ਦੇ ਉਪਰਲੇ ਸਦਨ ਲਈ ਐਤਵਾਰ ਨੂੰ ਹੋਣ ਵਾਲੀ ਵੋਟਿੰਗ ਦੇ ਦੌਰਾਨ ਇਕ ਚੋਣ ਪ੍ਰੋਗਰਾਮ ’ਚ ਭਾਸ਼ਣ ਦੇਣ ਲਈ ਖਡ਼੍ਹੇ ਹੋਏ।