ਜਾਪਾਨ ਦੀ ਸੱਤਾਧਾਰੀ ਪਾਰਟੀ ਅਤੇ ਇਸ ਦੇ ਗੱਠਜੋਡ਼ ਭਾਈਵਾਲ ਕੋਮੈਟੋ ਨੇ ਐਤਵਾਰ ਨੂੰ ਹੋਈਆਂ ਸੰਸਦੀ ਚੋਣਾਂ ’ਚ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਲਿਬਰਲ ਡੈਮੋਕ੍ਰੈਟਿਕ ਪਾਰਟੀ ਅਤੇ ਇਸ ਦੇ ਸਹਿਯੋਗੀ ਕੋਮੈਟੋ ਨੂੰ 248 ਮੈਂਬਰੀ ਸਦਨ ’ਚ 146 ਸੀਟਾਂ ਮਿਲੀਆਂ, ਜੋ ਬਹੁਮਤ ਦੇ ਅੰਕਡ਼ੇ ਤੋਂ ਕਾਫੀ ਉੱਪਰ ਹਨ। ਜਿੱਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਪ੍ਰਧਾਨ ਮੰਤਰੀ ਫੁਮੀਓ ਕਿਸ਼ਿਦਾ 2025 ਤੱਕ ਅਹੁਦੇ ’ਤੇ ਕਾਇਮ ਰਹਿਣਗੇ। ਇਸ ਨਾਲ ਕਿਸ਼ਿਦਾ ਲੰਮੇ ਸਮੇਂ ਲਈ ਨੀਤੀਆਂ ’ਤੇ ਕੰਮ ਕਰਨਾ ਜਾਰੀ ਰੱਖਣਗੇ। ਕਿਸ਼ਿਦਾ ਨੇ ਚੋਣ ’ਚ ਹਾਸਲ ਹੋਏ ਬਹੁਮਤ ਦਾ ਸਵਾਗਤ ਕੀਤਾ ਪਰ ਆਬੇ ਦੀ ਹੱਤਿਆ ਕਾਰਨ ਉਹ ਬਹੁਤੇ ਖੁਸ਼ ਨਜ਼ਰ ਨਹੀਂ ਆਏ। ਉਨ੍ਹਾਂ ’ਤੇ ਆਬੇ ਦੀ ਹੱਤਿਆ ਤੋਂ ਉਭਰਨ ਅਤੇ ਪਾਰਟੀ ਨੂੰ ਇਕਜੁਟ ਰੱਖਣ ਦੀ ਵੱਡੀ ਚੁਣੌਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ‘ਪਾਰਟੀ ਦੀ ਏਕਤਾ ਕਿਸੇ ਵੀ ਚੀਜ਼ ਨਾਲੋਂ ਜ਼ਿਆਦਾ ਮਹੱਤਵਪੂਰਨ ਹੈ।’ ਉਨ੍ਹਾਂ ਕਿਹਾ ਕਿ ਕਰੋਨਾ ਨਾਲ ਨਜਿੱਠਣਾ, ਯੂਕਰੇਨ ’ਤੇ ਰੂਸ ਦੇ ਹਮਲੇ ਅਤੇ ਵਧ ਰਹੀ ਮਹਿੰਗਾਈ ਵਰਗੇ ਮੁੱਦਿਆਂ ’ਤੇ ਕੰਮ ਕਰਨਾ ਉਨ੍ਹਾਂ ਦੀਆਂ ਮੁੱਖ ਤਰਜੀਹਾਂ ਹਨ। ਉਨ੍ਹਾਂ ਕਿਹਾ ਕਿ ਜਾਪਾਨ ਅਤੇ ਇਸ ਦੇ ਬਾਹਰ ਸੁਰੱਖਿਆ ਤੇ ਆਰਥਿਕ ਚੁਣੌਤੀਆਂ ਦੇ ਸਮੇਂ ਆਬੇ ਦੀ ਮੌਤ ਸਭ ਤੋਂ ਦੁਖਦਾਈ ਹੈ। ਕਿਸ਼ਿਦਾ ਨੇ ਕਿਹਾ, ‘ਅਸੀਂ ਉਨ੍ਹਾਂ ਦੀ ਇੱਛਾ ਪੂਰੀ ਕਰਾਂਗੇ।’