ਕੁਸ਼ਤੀ ਫੈਡਰੇਸ਼ਨ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ ਖ਼ਿਲਾਫ਼ ਲੱਗੇ ਦੋਸ਼ਾਂ ਦੀ ਜਾਂਚ ਲਈ ਉੱਘੀ ਮੁੱਕੇਬਾਜ਼ ਐੱਮ.ਸੀ. ਮੇਰੀਕੋਮ ਦੀ ਅਗਵਾਈ ਹੇਠ ਪੰਜ ਮੈਂਬਰੀ ਨਿਗਰਾਨ ਕਮੇਟੀ ਬਣਾਈ ਗਈ ਹੈ। ਖੇਡ ਮੰਤਰਾਲੇ ਵੱਲੋਂ ਬਣਾਈ ਗਈ ਇਹ ਕਮੇਟੀ ਅਗਲੇ ਇਕ ਮਹੀਨੇ ਤੱਕ ਕੁਸ਼ਤੀ ਫੈਡਰੇਸ਼ਨ ਦਾ ਕੰਮਕਾਰ ਵੀ ਚਲਾਏਗੀ। ਕਮੇਟੀ ‘ਚ ਓਲੰਪਿਕ ਤਗ਼ਮਾ ਜੇਤੂ ਪਹਿਲਵਾਨ ਯੋਗੇਸ਼ਵਰ ਦੱਤ, ਸਾਬਕਾ ਬੈਡਮਿੰਟਨ ਖਿਡਾਰੀ ਅਤੇ ਮਿਸ਼ਨ ਓਲੰਪਿਕ ਸੈੱਲ ਦੇ ਮੈਂਬਰ ਤ੍ਰਿਪਤੀ ਮੁਰਗੁੰਡੇ, ਟਾਪਸ ਦੇ ਸਾਬਕਾ ਸੀ.ਈ.ਓ. ਰਾਜਾਗੋਪਾਲਨ ਅਤੇ ਸਾਈ ਦੇ ਸਾਬਕਾ ਕਾਰਜਕਾਰੀ ਡਾਇਰੈਕਟਰ ਰਾਧਿਕਾ ਸ੍ਰੀਮਨ ਸ਼ਾਮਲ ਹਨ। ਕਮੇਟੀ ਦਾ ਐਲਾਨ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਕੀਤਾ। ਉਨ੍ਹਾਂ ਕਿਹਾ ਕਿ ਕਮੇਟੀ ਜਿਨਸੀ ਸ਼ੋਸ਼ਣ ਅਤੇ ਹੋਰ ਦੋਸ਼ਾਂ ਦੀ ਜਾਂਚ ਲਈ ਸਾਰੀਆਂ ਧਿਰਾਂ ਨਾਲ ਗੱਲਬਾਤ ਮਗਰੋਂ ਇਕ ਮਹੀਨੇ ਦੇ ਅੰਦਰ ਰਿਪੋਰਟ ਪੇਸ਼ ਕਰੇਗੀ। ਉਨ੍ਹਾਂ ਕਿਹਾ ਕਿ ਕੁਸ਼ਤੀ ਫੈਡਰੇਸ਼ਨ ਪ੍ਰਧਾਨ ਨੂੰ ਅਜੇ ਸੇਵਾਵਾਂ ਨਿਭਾਉਣ ਤੋਂ ਰੋਕ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਮੇਰੀਕੋਮ ਅਤੇ ਯੋਗੇਸ਼ਵਰ ਦੱਤ ਭਾਰਤੀ ਓਲੰਪਿਕ ਸੰਘ ਵੱਲੋਂ ਬਣਾਈ ਗਈ ਸੱਤ ਮੈਂਬਰੀ ਕਮੇਟੀ ਦਾ ਵੀ ਹਿੱਸਾ ਹਨ। ਉਸ ਕਮੇਟੀ ‘ਚ ਤੀਰਅੰਦਾਜ਼ ਡੋਲਾ ਬੈਨਰਜੀ, ਵੇਟਲਿਫਟਿੰਗ ਫੈਡਰੇਸ਼ਨ ਦੇ ਪ੍ਰਧਾਨ ਸਹਿਦੇਵ ਯਾਦਵ, ਵਕੀਲ ਤਾਲਿਸ਼ ਰੇਅ ਤੇ ਸ਼ਲੋਕ ਚੰਦਰ ਅਤੇ ਬੈਡਮਿੰਟਨ ਖਿਡਾਰੀ ਅਲਕਨੰਦਾ ਅਸ਼ੋਕ ਵੀ ਸ਼ਾਮਲ ਹਨ। ਪਹਿਲਵਾਨਾਂ ਅੰਸ਼ੁ ਮਲਿਕ, ਸੰਗੀਤਾ ਫੋਗਾਟ ਅਤੇ ਸੋਨਮ ਮਲਿਕ ਸਮੇਤ ਹੋਰਾਂ ਨੇ ਜੰਤਰ ਮੰਤਰ ‘ਤੇ ਧਰਨਾ ਦੇ ਕੇ ਕੁਸ਼ਤੀ ਫੈਡਰੇਸ਼ਨ ਪ੍ਰਧਾਨ ਨੂੰ ਹਟਾਉਣ ਦੀ ਮੰਗ ਕੀਤੀ ਸੀ। ਉਨ੍ਹਾਂ ਦੀ ਮੰਗ ਹੈ ਕਿ ਕੁਸ਼ਤੀ ਫੈਡਰੇਸ਼ਨ ਭੰਗ ਕਰਕੇ ਨਵੀਂ ਫੈਡਰੇਸ਼ਨ ਦਾ ਗਠਨ ਕੀਤਾ ਜਾਵੇ।