ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਾਨਤਾ ਮਿਲਣ ਤੋਂ ਬਾਅਦ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨਾਲ ਉਸ ਵੇਲੇ ਮਾੜੀ ਹੋਈ ਜਦੋਂ ਉਨ੍ਹਾਂ ਦੀ ਥਾਂ ਜਗਦੀਸ਼ ਸਿੰਘ ਝੀਂਡਾ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ। ਹਰਿਆਣਾ ਦੇ ਕੈਥਲ ‘ਚ ਜਗਦੀਸ਼ ਸਿੰਘ ਝੀਂਡਾ ਨੂੰ ਸਰਬਸੰਮਤੀ ਨਾਲ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ ਹੈ। ਜਾਣਕਾਰੀ ਕੈਥਲ ‘ਚ ਸਾਰਾ ਦਿਨ ਪੂਰੀ ਸਰਗਰਮੀ ਦੇਖੀ ਗਈ ਅਤੇ ਪੂਰੇ ਹਰਿਆਣਾ ਤੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਇਥੇ ਪੁੱਜੇ ਹੋਏ ਸਨ ਜਿਨ੍ਹਾਂ ਲਗਾਤਾਰ ਕਮਰਿਆਂ ‘ਚ ਗੁਪਤ ਮੀਟਿੰਗਾਂ ਕੀਤੀਆਂ। ਇਸ ਦੌਰਾਨ ਸ਼ਾਮ ਵੇਲੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਗਿਆ ਕਿ ਗੁਰਦੁਆਰਾ ਨਿੰਮ ਸਾਹਿਬ ਵਿਖੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 26 ਮੈਂਬਰ ਹਾਜ਼ਰ ਸਨ ਅਤੇ 7 ਮੈਂਬਰਾਂ ਨੂੰ ਵੀਡੀਓ ਕਾਨਫਰੰਸਿਗ ਰਾਹੀਂ ਮੀਟਿੰਗ ‘ਚ ਸ਼ਾਮਲ ਕੀਤਾ ਜਿਸ ‘ਚ ਬਲਜੀਤ ਸਿੰਘ ਦਾਦੂਵਾਲ ਨੂੰ ਪ੍ਰਧਾਨ ਦੇ ਅਹੁਦੇ ਤੋਂ ਹਟਾਉਣ ਦਾ ਫ਼ੈਸਲਾ ਕੀਤਾ ਗਿਆ ਅਤੇ ਉਨ੍ਹਾਂ ਦੀ ਥਾਂ ‘ਤੇ ਜਗਦੀਸ਼ ਸਿੰਘ ਝੀਂਡਾ ਨੂੰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਣਾਇਆ ਗਿਆ ਹੈ। ਇਸ ਦੌਰਾਨ ਜਗਦੀਸ਼ ਸਿੰਘ ਝੀਂਡਾ ਨੇ ਦੱਸਿਆ ਕਿ ਸਾਡੀ ਅਮਰਿੰਦਰ ਅਰੋੜਾ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ, ਜਿਸ ‘ਚ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਬਲਜੀਤ ਸਿੰਘ ਦਾਦੂਵਾਲ ਆਪਣੀਆਂ ਮਨਮਰਜ਼ੀਆਂ ਕਰ ਰਹੇ ਹਨ, ਉਨ੍ਹਾਂ ਨੇ ਇਕ ਵਾਰ ਵੀ ਹਾਊਸ ਦੀ ਮੀਟਿੰਗ ਨਹੀਂ ਬੁਲਾਈ ਅਤੇ ਉਨ੍ਹਾਂ ਦਾ ਕਮੇਟੀ ਦੇ ਸੰਵਿਧਾਨ ‘ਚ ਵਿਸ਼ਵਾਸ ਨਹੀਂ ਹੈ, ਇਸ ਲਈ ਉਨ੍ਹਾਂ ਇਸ ਅਹੁਦੇ ਤੋਂ ਹਟਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮੈਂ ਬੀਮਾਰ ਹੋਣ ਕਾਰਨ ਅਸਤੀਫ਼ਾ ਦਿੱਤਾ ਸੀ, ਜੋ ਕਾਨੂੰਨੀ ਤਰੀਕੇ ਨਾਲ ਰਾਜਪਾਲ ਕੋਲ ਜਾਣਾ ਸੀ ਤੇ ਉਸ ਤੋਂ ਬਾਅਦ ਅਸਤੀਫ਼ਾ ਮਨਜ਼ੂਰ ਹੋਣਾ ਸੀ ਪਰ ਕਾਨੂੰਨੀ ਪ੍ਰਕਿਰਿਆ ਪੂਰੀ ਨਹੀਂ ਹੋਈ। ਉਨ੍ਹਾਂ ਕਿਹਾ ਕਿ ਹੁਣ ਮੈਂ ਪੂਰੀ ਤਰ੍ਹਾਂ ਠੀਕ ਹਾਂ ਤੇ ਹਰਿਆਣਾ ਸਿੱਖ ਪ੍ਰਬੰਧਕ ਕਮੇਟੀ ਦੇ 36 ਮੈਂਬਰਾਂ ਵਿਚੋਂ 33 ਮੈਂਬਰਾਂ ਨੇ ਸਰਬਸੰਮਤੀ ਨਾਲ ਮੈਨੂੰ ਇਹ ਸੇਵਾ ਸੌਂਪੀ ਹੈ। ਝੀਂਡਾ ਨੇ ਕਿਹਾ ਕਿ ਹੁਣ ਅਸੀਂ ਹਰਿਆਣਾ ਦੇ ਮੁੱਖ ਮੰਤਰੀ ਕੋਲ ਜਾ ਕੇ ਉਨ੍ਹਾਂ ਨੂੰ ਇਸ ਫ਼ੈਸਲੇ ‘ਤੇ ਵਧਾਈ ਦੇਵਾਂਗੇ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਣ ਹਰਿਆਣਾ ਦੇ ਗੁਰਦੁਆਰਿਆਂ ਦੀ ਦੇਖਭਾਲ ਕਰੇਗੀ। ਯਾਦ ਰਹੇ ਕਿ ਜਗਦੀਸ਼ ਸਿੰਘ ਝੀਂਡਾ ਹੀ ਉਹ ਆਗੂ ਹਨ ਜਿਨ੍ਹਾਂ ਸਭ ਤੋਂ ਪਹਿਲਾਂ ਵੱਖਰੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਸੰਘਰਸ਼ ਵਿੱਢਿਆ ਤੇ ਲਗਾਤਾਰ ਲੜਾਈ ਜਾਰੀ ਰੱਖੀ ਸੀ।