ਇਕ ਵਾਰ ਪਹਿਲਾਂ ਵੀ ਲਾਇਸੰਸੀ ਹਥਿਆਰਾਂ ਦੀ ਸਿਖਲਾਈ ਦੀ ਗੱਲ ਕਰ ਚੁੱਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੁਹਰਾਇਆ ਕਿ ਸਿੱਖ ਸ਼ਸਤਰ ਕਲਾ ’ਚ ਨਿਪੁੰਨ ਹੋਣ। ਇਸ ਵਾਰ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਉਨ੍ਹਾਂ ਦਾ ਸਾਥ ਦਿੰਦਿਆਂ ਇਸੇ ਗੱਲ ’ਤੇ ਜ਼ੋਰ ਦਿੱਤਾ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ ਪੀਰੀ ਦਿਵਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਸ਼ਸਤਰ ਵਿੱਦਿਆ ਗੱਤਕਾ ਨੂੰ ਪ੍ਰਫੁੱਲਤ ਕਰਨ ਦੀ ਅਰਦਾਸ ਉਪਰੰਤ ਰਸਮੀ ਸ਼ੁਰੂਆਤ ਕੀਤੀ। ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਤੇ ਪ੍ਰਧਾਨ ਧਾਮੀ ਨੇ ਸ਼ਿਰਕਤ ਕੀਤੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਘੰਟਾ ਘਰ ਦੇ ਬਾਹਰ ਬਣੇ ਪਲਾਜ਼ਾ ਵਿਖੇ ਵੱਖ-ਵੱਖ ਗੱਤਕਾ ਅਖਾਡ਼ਿਆਂ ਦੀਆਂ ਟੀਮਾਂ ਨੇ ਗੱਤਕੇ ਦੇ ਜੌਹਰ ਦਿਖਾਏ। ਇਸ ਮੌਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਜਿਥੇ ਸਾਨੂੰ ਗੁਰਬਾਣੀ, ਸਿਮਰਨ ਰਾਹੀਂ ਰੂਹਾਨੀਅਤ ਤੌਰ ’ਤੇ ਬਲਵਾਨ ਹੋਣ ਲਈ ਪ੍ਰੇਰਿਆ, ਉਥੇ ਹੀ ਸਰੀਰਕ ਤੇ ਰਾਜਸੀ ਤੌਰ ’ਤੇ ਤਗਡ਼ੇ ਹੋਣ ਅਤੇ ਸ਼ਸਤਰ ਕਲਾ ’ਚ ਨਿਪੁੰਨ ਹੋਣ ਲਈ ਵੀ ਕਿਹਾ। ਉਨ੍ਹਾਂ ਨੌਜਵਾਨਾਂ ਤੇ ਬੱਚੇ-ਬੱਚੀਆਂ ਨੂੰ ਸ਼ਸਤਰ ਵਿੱਦਿਆ ਨਾਲ ਜੁਡ਼ਨ ਤੇ ਅਭਿਆਸ ਕਰਨ ਦੀ ਪ੍ਰੇਰਣਾ ਵੀ ਕੀਤੀ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੀਰੀ ਪੀਰੀ ਦੇ ਸਿਧਾਂਤ ਨੂੰ ਸਮਰਪਿਤ ਦੋ ਕਿਰਪਾਨਾਂ ਪਹਿਨ ਕੇ ਸਿੱਖਾਂ ਲਈ ਪਾਤਸ਼ਾਹੀ ਜੀਵਨ ਦੀ ਮਿਸਾਲ ਦਿੱਤੀ। ਉਨ੍ਹਾਂ ਕਿਹਾ ਕਿ ਛੇਵੇਂ ਪਾਤਸ਼ਾਹ ਨੇ ਸਿੱਖਾਂ ਨੂੰ ਚੰਗੇ ਘੋਡ਼ੇ ਅਤੇ ਸ਼ਸਤਰ ਭੇਟ ਕਰਨ ਲਈ ਹੁਕਮ ਕੀਤੇ ਤੇ ਸ਼ਸਤਰ ਵਿੱਦਿਆ ’ਚ ਨਿਪੁੰਨ ਕੀਤਾ। ਉਨ੍ਹਾਂ ਕਿਹਾ ਕਿ ਸਿੱਖ ਸ਼ਸਤਰ ਕਲਾ ਗੱਤਕਾ ਆਤਮ ਰੱਖਿਆ ਦੇ ਨਾਲ-ਨਾਲ ਚਡ਼੍ਹ ਕੇ ਆਏ ਦੁਸ਼ਮਣ ਨਾਲ ਟਾਕਰੇ ਲਈ ਵੀ ਸਹਾਈ ਹੁੰਦਾ ਹੈ। ਉਨ੍ਹਾਂ ਨੌਜਵਾਨੀ ਨੂੰ ਸਿੱਖ ਸ਼ਸਤਰ ਕਲਾ ਗੱਤਕੇ ਨਾਲ ਜੁਡ਼ਨ ਦੀ ਅਪੀਲ ਕੀਤੀ। ਇਸੇ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਗੱਤਕਾ ਫੈਡਰੇਸ਼ਨਾਂ, ਐਸੋਸੀਏਸ਼ਨਾਂ ਅਤੇ ਅਖਾਡ਼ਿਆਂ ਦੇ ਨੁਮਾਇੰਦਿਆਂ ਨਾਲ ਇਕੱਤਰਤਾ ਕੀਤੀ ਤੇ ਸਿੱਖ ਸ਼ਸਤਰ ਵਿੱਦਿਆ ਗੱਤਕਾ ਨੂੰ ਪ੍ਰਫੁੱਲਤ ਕਰਨ ਲਈ ਸਹਿਯੋਗ ਕਰਨ ਲਈ ਪ੍ਰੇਰਿਆ। ਗੁਰਚਰਨ ਸਿੰਘ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ, ਗੁਰਤੇਜ ਸਿੰਘ ਸ਼੍ਰੋਮਣੀ ਗੱਤਕਾ ਫੈਡਰੇਸ਼ਨ ਆਫ ਇੰਡੀਆ, ਹਰਚਰਨ ਸਿੰਘ ਭੁੱਲਰ ਤੇ ਬਲਜਿੰਦਰ ਸਿੰਘ ਗੱਤਕਾ ਫੈਡਰੇਸ਼ਨ ਆਫ ਇੰਡੀਆ, ਰਾਜਿੰਦਰ ਸਿੰਘ ਪੰਜਾਬ ਗੱਤਕਾ ਐਸੋਸੀਏਸ਼ਨ, ਰਵਿੰਦਰ ਸਿੰਘ ਗੱਤਕਾ ਐਸੋਸੀਏਸ਼ਨ ਆਫ ਜੰਮੂ ਕਸ਼ਮੀਰ, ਗੁਰਚਰਨ ਸਿੰਘ ਪੁਰਾਤਨ ਸਿੱਖ ਸ਼ਾਸਤਰ ਵਿੱਦਿਆ ਕੈਬਨਿਟ ਦਿੱਲੀ, ਮਨਜੀਤ ਸਿੰਘ ਸਿੱਖ ਸ਼ਸਤਰ ਵਿੱਦਿਆ ਕਾਊਂਸਲ, ਜ਼ੋਰਾਵਰ ਸਿੰਘ ਗੱਤਕਾ ਐਸੋਸੀਏਸ਼ਨ ਦਿੱਲੀ ਸਮੇਤ ਵੱਖ-ਵੱਖ ਗੱਤਕਾ ਅਖਾਡ਼ਿਆਂ ਦੇ ਨੁਮਾਇੰਦੇ ਸ਼ਾਮਲ ਹੋਏ।