ਬ੍ਰਿਟਿਸ਼ ਕੋਲੰਬੀਆ ਮਨੁੱਖੀ ਅਧਿਕਾਰ ਟ੍ਰਿਬਿਊਨਲ ਨੇ ਜਾਤੀ ਆਧਾਰਤ ਵਿਤਕਰੇ ਦਾ ਸ਼ਿਕਾਰ ਹੋਏ ਇਕ ਵਿਅਕਤੀ ਨੂੰ 9,000 ਡਾਲਰ ਤੋਂ ਵੱਧ ਡਾਲਰ ਦਾ ਮੁਆਵਜ਼ਾ ਦਿੱਤੇ ਜਾਣ ਦਾ ਫ਼ੈਸਲਾ ਕੀਤਾ ਹੈ। ਟ੍ਰਿਬਿਊਨਲ ਦੀ ਜੱਜ ਸੋਨੀਆ ਪਿਘਿਨ ਨੂੰ ਜਾਰੀ ਇਕ ਫ਼ੈਸਲੇ ‘ਚ ਪਾਇਆ ਕਿ ਮਨੋਜ ਭੰਗੂ ਨਾਲ ਉਸਦੇ ਜਾਤੀ-ਪਿਛੋਕੜ, ਮੂਲ ਸਥਾਨ, ਧਰਮ ਅਤੇ ਨਸਲ ਦੇ ਆਧਾਰ ‘ਤੇ ਵਿਤਕਰਾ ਕੀਤਾ ਗਿਆ ਸੀ। 2018 ‘ਚ ਬੀ.ਸੀ. ਦੀ ਇਕ ਟੈਕਸੀ ਕੰਪਨੀ ਦੀ ਕ੍ਰਿਸਮਸ ਪਾਰਟੀ ‘ਚ ਹੋਏ ਝਗੜੇ ਦੌਰਾਨ ਮਨੋਜ ਨੂੰ ਉਸਦੇ ਦੋ ਸਾਥੀਆਂ ਇੰਦਰਜੀਤ ਢਿੱਲੋਂ ਅਤੇ ਅਵਨਿੰਦਰ ਢਿੱਲੋਂ ਨੇ ‘ਚਮਾਰ’ ਆਖਿਆ ਸੀ, ਜੋਕਿ ਉਸਦੀ ਦਲਿਤ ਜਾਤੀ ਦਾ ਨਾਮ ਹੈ ਅਤੇ ਪੰਜਾਬੀ ਬੋਲੀ ‘ਚ ਇਕ ਅਪਮਾਨਜਨਕ ਸ਼ਬਦ ਵੀ ਮੰਨਿਆ ਜਾਂਦਾ ਹੈ। ਜੱਜ ਸੋਨੀਆ ਪਿਘਿਨ ਦੇ ਫ਼ੈਸਲੇ ਦੇ ਮੁਤਾਬਕ ਦਸੰਬਰ 2018 ‘ਚ ਦੋ ਘਟਨਾਵਾਂ ਵਾਪਰੀਆਂ ਸਨ। ਇਕ ਢਿੱਲੋਂ ਭਰਾਵਾਂ ਵੱਲੋਂ ਮਨੋਜ ਭੰਗੂ ਖ਼ਿਲਾਫ਼ ਨਸਲੀ ਟਿੱਪਣੀ ਕਰਨੀ ਅਤੇ ਦੂਸਰਾ ਉਸ ‘ਤੇ ਸਰੀਰਕ ਹਮਲਾ ਕਰਨਾ। ਮਨੋਜ ਟੈਕਸੀ ਕੰਪਨੀ ‘ਚ ਡਰਾਈਵਰ ਅਤੇ ਬੋਰਡ ਡਾਇਰਕੈਟਰ ਸੀ। ਲਿਖਤ ਫ਼ੈਸਲੇ ਅਨੁਸਾਰ ਘਟਨਾ ਸਮੇਂ ਕਈ ਗਵਾਹ ਮੌਜੂਦ ਸਨ ਅਤੇ ਉਨ੍ਹਾਂ ਨੇ ਢਿੱਲੋਂ ਭਰਾਵਾਂ ਨੂੰ ਵਾਰ-ਵਾਰ ਮੁੱਕੇ ਮਾਰਦਿਆਂ ਅਤੇ ਕਹਿੰਦੇ ਸੁਣਿਆ, ‘ਹਾਂ ਇਹ ਚਮਾਰ ਹੈ, ਇਸ ਨੂੰ ਮਾਰ ਦਿਉ, ਇਸ ਚਮਾਰ ਨੂੰ ਕੁੱਟੋ।’ ਸੋਨੀਆ ਨੇ ਲਿਖਿਆ ਕਿ ਗਵਾਹਾਂ ਨੇ ਦੂਸਰੇ ਝਗੜੇ ਬਾਰੇ ਇਕਸਾਰ ਸਬੂਤ ਪ੍ਰਦਾਨ ਕੀਤੇ ਸਨ ਅਤੇ ਮੈਨੂੰ ਉਨ੍ਹਾਂ ਦੇ ਸਬੂਤ ਢਿੱਲੋਂ ਭਰਾਵਾਂ ਦੇ ਸਬੂਤਾਂ ਨਾਲੋਂ ਵਧੇਰੇ ਯਕੀਨ ਕਰਨਯੋਗ ਲੱਗੇ ਹਨ। ਇਸ ਦੇ ਆਧਾਰ ‘ਤੇ ਟ੍ਰਿਬਿਊਨਲ ਨੇ ਇਹ ਜੁਰਮਾਨਾ ਲਾਇਆ ਹੈ।