ਅਮਰੀਕਾ ਦੇ ਸ਼ਹਿਰ ਸਿਆਟਲ ‘ਚ ਜਾਤੀ ਆਧਾਰਤ ਭੇਦਭਾਵ ‘ਤੇ ਪਾਬੰਦੀ ਦਾ ਮਤਾ ਪਾਸ ਕੀਤਾ ਗਿਆ ਹੈ ਅਤੇ ਇਹ ਸ਼ਹਿਰ ਜਾਤੀ ਆਧਾਰਤ ਭੇਦਭਾਵ ‘ਤੇ ਪਾਬੰਦੀ ਲਗਾਉਣ ਵਾਲਾ ਅਮਰੀਕਾ ਦਾ ਪਹਿਲਾ ਸ਼ਹਿਰ ਬਣ ਗਿਆ ਹੈ। ਭਾਰਤੀ-ਅਮਰੀਕਨ ਸਿਆਸਤਦਾਨ ਅਤੇ ਅਰਥ ਸ਼ਾਸਤਰੀ ਨੇ ਸਿਆਟਲ ਸਿਟੀ ਕੌਂਸਲ ਦੇ ਭੇਦਭਾਵ ਵਿਰੋਧੀ ਕਾਨੂੰਨਾਂ ‘ਚ ਜਾਤ ਨੂੰ ਸ਼ਾਮਲ ਕਰਨ ਦਾ ਮਤਾ ਪੇਸ਼ ਕੀਤਾ ਜਿਸ ਨੂੰ ਪਾਸ ਕਰ ਦਿੱਤਾ ਗਿਆ। ਸਿਆਟਲ ਦੇ ਹਾਊਸ, ਸਿਟੀ ਕੌਂਸਲ ‘ਚ ਉੱਚ ਜਾਤੀ ਹਿੰਦੂ ਨੇਤਾ ਸ਼ਮਾ ਸਾਵੰਤ ਦੇ ਮਤੇ ਨੂੰ ਛੇ ਵੋਟਾਂ ਨਾਲ ਪਾਸ ਕੀਤਾ ਗਿਆ। ਇਸ ਵੋਟ ਦੇ ਨਤੀਜੇ ਦੇ ਅਮਰੀਕਾ ‘ਚ ਨਸਲ ਆਧਾਰਤ ਵਿਤਕਰੇ ਦੇ ਮੁੱਦੇ ‘ਤੇ ਦੂਰਗਾਮੀ ਪ੍ਰਭਾਵ ਹੋ ਸਕਦੇ ਹਨ। ਮਤਾ ਪਾਸ ਹੋਣ ਤੋਂ ਬਾਅਦ ਸਾਵੰਤ ਨੇ ਕਿਹਾ ਕਿ ‘ਇਹ ਅਧਿਕਾਰਤ ਹੋ ਗਿਆ ਹੈ। ਸਾਡੇ ਅੰਦੋਲਨ ਕਾਰਨ ਦੇਸ਼ ‘ਿਚ ਪਹਿਲੀ ਵਾਰ ਸਿਆਟਲ ‘ਚ ਜਾਤੀ ਵਿਤਕਰੇ ‘ਤੇ ਪਾਬੰਦੀ ਲਗਾਈ ਗਈ ਹੈ। ਇਸ ਜਿੱਤ ਨੂੰ ਦੇਸ਼ ਭਰ ‘ਚ ਫੈਲਾਉਣ ਲਈ ਸਾਨੂੰ ਇਸ ਅੰਦੋਲਨ ਨੂੰ ਅੱਗੇ ਲਿਜਾਣਾ ਹੋਵੇਗਾ। ਇਸ ਪ੍ਰਸਤਾਵ ਤੋਂ ਪਹਿਲਾਂ ਭਾਰਤੀ ਅਮਰੀਕਨ ਸੰਸਦ ਮੈਂਬਰ ਪ੍ਰਮਿਲਾ ਜੈਪਾਲ ਨੇ ਵੀ ਇਸ ਨੂੰ ਆਪਣਾ ਸਮਰਥਨ ਦਿੱਤਾ ਸੀ। ਉਸਨੇ ਕਿਹਾ ਕਿ ‘ਅਮਰੀਕਾ ਸਮੇਤ ਦੁਨੀਆ ‘ਚ ਕਿਤੇ ਵੀ ਜਾਤੀ ਆਧਾਰਤ ਵਿਤਕਰੇ ਲਈ ਕੋਈ ਥਾਂ ਨਹੀਂ ਹੈ ਅਤੇ ਇਸੇ ਕਰਕੇ ਕੁਝ ਕਾਲਜਾਂ ਅਤੇ ਯੂਨੀਵਰਸਿਟੀਆਂ ਨੇ ਕੈਂਪਸ ‘ਚ ਇਸ ‘ਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਜਾਤੀ ਵਿਤਕਰੇ ਦੇ ਮਾਮਲਿਆਂ ‘ਚ ਵਰਕਰ ਆਪਣੇ ਅਧਿਕਾਰਾਂ ਅਤੇ ਸਨਮਾਨ ਲਈ ਲੜ ਰਹੇ ਹਨ। ਸਿਆਟਲ ‘ਚ ਜਾਤੀ ਭੇਦਭਾਵ ‘ਤੇ ਪਾਬੰਦੀ ਲਗਾਉਣ ਦੀ ਤਜਵੀਜ਼ ‘ਚ ਮੁੱਖ ਭੂਮਿਕਾ ਨਿਭਾਉਣ ਵਾਲੇ ਸਮਾਨਤਾ ਲੈਬਸ ਨੇ ਕਿਹਾ ਕਿ ‘ਸਿਆਟਲ ਦੇਸ਼ ਦਾ ਪਹਿਲਾ ਸ਼ਹਿਰ ਬਣ ਗਿਆ ਹੈ ਜਿਸ ਨੇ ਜਾਤ-ਆਧਾਰਤ ਵਿਤਕਰੇ ‘ਤੇ ਪਾਬੰਦੀ ਲਗਾਈ ਹੈ ਅਤੇ ਇਸ ਨਾਲ ਪਿਆਰ ਦੀ ਨਫ਼ਰਤ ‘ਤੇ ਜਿੱਤ ਹੋਈ ਹੈ। ਅਸੀਂ ਬਲਾਤਕਾਰ ਦੀਆਂ ਧਮਕੀਆਂ, ਜਾਨੋਂ ਮਾਰਨ ਦੀਆਂ ਧਮਕੀਆਂ, ਪ੍ਰਚਾਰ ਅਤੇ ਕੱਟੜਤਾ ਨੂੰ ਪਾਰ ਕਰਦਿਆਂ ਅਜਿਹਾ ਕੀਤਾ ਹੈ।’ ਇਸ ਪ੍ਰਸਤਾਵ ਖ਼ਿਲਾਫ਼ ਮੁਹਿੰਮ ਚਲਾਉਣ ਵਾਲੇ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਕਿਹਾ ਕਿ ਦੱਖਣੀ ਏਸ਼ੀਅਨ ਲੋਕਾਂ ਨੂੰ ਵੱਖ ਕਰਨਾ ਅਤੇ ਗੈਰ ਵਿਤਕਰਾ ਨੀਤੀ ਵਿੱਚ ‘ਜਾਤੀ’ ਨੂੰ ਜੋੜਨਾ, ਉਸ ਨੀਤੀ ਦੀ ਉਲੰਘਣਾ ਹੈ ਜਿਸ ‘ਚ ਹੁਣ ਸੋਧ ਕੀਤੀ ਗਈ ਹੈ। ਅੰਬੇਦਕਰ ਫੂਲੇ ਨੈਟਵਰਕ ਆਫ ਅਮਰੀਕਨ ਦਲਿਤ ਐਂਡ ਬਹੁਜਨਜ਼ ਦੇ ਮਧੂ ਟੀ ਨੇ ਕਿਹਾ ਕਿ ਇੱਕ ‘ਵਿਵਾਦਤ ਕੌਂਸਲ ਮੈਂਬਰ’ ਦੁਆਰਾ ਕਾਹਲੀ ਨਾਲ ਲਿਆਂਦਾ ਗਿਆ ਆਰਡੀਨੈਂਸ ਸਿਰਫ ਦੱਖਣੀ ਏਸ਼ੀਅਨ ਲੋਕਾਂ, ਖਾਸ ਕਰਕੇ ਦਲਿਤਾਂ ਅਤੇ ਬਹੁਜਨਾਂ ਨੂੰ ਨੁਕਸਾਨ ਪਹੁੰਚਾਏਗਾ। ਬਹੁਤ ਸਾਰੇ ਭਾਰਤੀ-ਅਮਰੀਕੀਨਾਂ ਨੂੰ ਡਰ ਹੈ ਕਿ ਸਰਕਾਰੀ ਨੀਤੀ ‘ਚ ਜਾਤ ਨੂੰ ਕੋਡਬੱਧ ਕਰਨ ਨਾਲ ਅਮਰੀਕਾ ‘ਚ ਹਿੰਦੂਫੋਬੀਆ ਦੇ ਮਾਮਲਿਆਂ ‘ਚ ਵਾਧਾ ਹੋਵੇਗਾ।