ਜੂਡੋ ’ਚ ਸੋਮਵਾਰ ਰਾਤ ਨੂੰ ਇੰਡੀਆ ਦੇ ਹਿੱਸੇ ਦੋ ਤਗ਼ਮੇ ਆਏ। ਪਹਿਲਾਂ ਮਹਿਲਾ ਵਰਗ ’ਚ ਸੁਸ਼ੀਲਾ ਲਿਕਮਾਬਾਮ ਚਾਂਦੀ ਤਗ਼ਮਾ ਜਿੱਤਣ ’ਚ ਸਫ਼ਲ ਰਹੀ। ਉਸ ਤੋਂ ਤੁਰੰਤ ਬਾਅਦ ਇੰਡੀਆ ਦੇ ਵਿਜੇ ਕੁਮਾਰ ਯਾਦਵ ਪੁਰਸ਼ਾਂ ਦੇ 60 ਕਿਲੋ ਵਰਗ ’ਚ ਕਾਂਸੀ ਤਗ਼ਮਾ ਜਿੱਤਣ ’ਚ ਸਫਲ ਰਹੇ। ਇਸ ਤਰ੍ਹਾਂ ਇੰਡੀਆ ਨੇ ਖੇਡਾਂ ਦੇ ਤੀਜੇ ਦਿਨ ਦੋ ਤਗ਼ਮੇ ਹਾਸਲ ਕੀਤੇ। ਯਾਦਵ ਦੀ ਸ਼ੁਰੂਆਤ ਚੰਗੀ ਰਹੀ। ਉਸ ਨੂੰ ਰਾਊਂਡ-32 ’ਚ ਬਾਈ ਮਿਲੀ ਸੀ। ਫਿਰ ਉਸ ਦਾ ਰਾਊਂਡ 16 ’ਚ ਮਾਰੀਸ਼ਸ ਦੇ ਵਿੰਸਲੇ ਗਨੇਗਾ ਨਾਲ ਮੁਕਾਬਲਾ ਹੋਇਆ, ਜਿਸ ’ਚ ਉਸ ਨੇ 10-0 ਨਾਲ ਜਿੱਤ ਦਰਜ ਕੀਤੀ। ਹਾਲਾਂਕਿ ਆਸਟਰੇਲੀਆ ਦੇ ਕੈਟਜ਼ ਤੋਂ ਕੁਆਰਟਰ ਫਾਈਨਲ ਮੈਚ ਹਾਰਨ ਤੋਂ ਬਾਅਦ ਯਾਦਵ ਨੂੰ ਰੇਪਚੇਜ਼ ’ਚ ਸਕਾਟਲੈਂਡ ਦੇ ਮੁਨਰੋ ਨਾਲ ਟੱਕਰ ਲੈਣ ਦਾ ਮੌਕਾ ਮਿਲਿਆ। ਫਿਰ ਉਹ ਸਾਈਪ੍ਰਸ ਦੇ ਪੈਟ੍ਰੋਸ ਕ੍ਰਿਸਟੋਡੌਲਾਇਡਸ ਨਾਲ ਭਿਡ਼ੇ, ਜਿਸ ਨੂੰ ਉਨ੍ਹਾਂ ਨੇ 10-0 ਨਾਲ ਹਰਾ ਕੇ ਕਾਂਸੀ ਤਗ਼ਮਾ ਜਿੱਤਿਆ। ਜੂਡੋ ਦੇ 48 ਕਿਲੋਗ੍ਰਾਮ ਦੇ ਫਾਈਨਲ ’ਚ ਇੰਡੀਆ ਦੀ ਸੁਸ਼ੀਲਾ ਨੂੰ ਹਾਰ ਦਾ ਸਾਹਮਣਾ ਕਰਨ ਕਰਕੇ ਚਾਂਦੀ ਦੇ ਤਗ਼ਮੇ ਨਾਲ ਹੀ ਸਬਰ ਕਰਨਾ ਪਿਆ। ਫਾਈਨਲ ’ਚ ਸੁਸ਼ੀਲਾ ਦਾ ਸਾਹਮਣਾ ਦੱਖਣੀ ਅਫਰੀਕਾ ਦੀ ਮਾਈਕਲ ਵਾਈਟਬੋਈ ਨਾਲ ਸੀ ਜਿਸ ਨੇ ਗੋਲਡ ’ਤੇ ਕਬਜ਼ਾ ਜਮਾਇਆ। ਦੋਵਾਂ ਖਿਡਾਰੀਆਂ ਵਿਚਾਲੇ 4 ਮਿੰਟ 25 ਸਕਿੰਟ ਤੱਕ ਮੁਕਾਬਲਾ ਚੱਲਿਆ। ਮੈਚ ਦੌਰਾਨ ਦੋਵਾਂ ਖਿਡਾਰੀਆਂ ਨੂੰ ਪੈਨਲਟੀ ਵਜੋਂ 2-2 ਅੰਕ ਮਿਲੇ, ਜਿਸ ਤੋਂ ਬਾਅਦ ਗੋਲਡਨ ਅੰਕ ਰਾਹੀਂ ਫ਼ੈਸਲਾ ਕੀਤਾ ਗਿਆ। ਦੱਖਣੀ ਅਫਰੀਕਾ ਦੀ ਮਾਈਕਲ ਵਾਈਟਬੋਈ ਨੇ ਵਾਜ਼ਾ-ਆਰੀ ਸਕੋਰਿੰਗ ਦੇ ਤਹਿਤ 1 ਅੰਕ ਦੇ ਨਾਲ ਸੋਨ ਤਗ਼ਮਾ ਜਿੱਤਿਆ।