ਲੁਧਿਆਣਾ ਪੁਲੀਸ ਨੇ ਨੌਜਵਾਨਾਂ ਨਾਲ ਠੱਗੀ ਮਾਰਨ ਦੇ ਦੋਸ਼ ਹੇਠ ਮਾਨਸਾ ਜੇਲ੍ਹ ਦੇ ਡਿਪਟੀ ਸੁਪਰਡੈਂਟ ਨਰਪਿੰਦਰ ਸਿੰਘ ਉਰਫ਼ ਸੰਨੀ ਅਤੇ ਜਾਅਲੀ ਜੱਜ ਬਣੀ ਉਸ ਦੀ ਪਤਨੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਔਰਤ ਪੰਜਾਬ ਪੁਲੀਸ ‘ਚ ਨੌਜਵਾਨਾਂ ਨੂੰ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਉਨ੍ਹਾਂ ਤੋਂ ਲੱਖਾਂ ਰੁਪਏ ਠੱਗਦੀ ਸੀ। ਉਹ ਇਸ ਕੰਮ ਲਈ ਆਪਣੇ ਪਤੀ ਡਿਪਟੀ ਸੁਪਰਡੈਂਟ ਨਰਪਿੰਦਰ ਸਿੰਘ ਦਾ ਰਸੂਖ ਵਰਤਦੀ ਸੀ। ਜਦੋਂ ਲੁਧਿਆਣਾ ਪੁਲੀਸ ਕੋਲ ਇਸ ਦੀ ਸ਼ਿਕਾਇਤ ਪੁੱਜੀ ਤਾਂ ਸੀ.ਆਈ.ਏ-2 ਤੇ ਥਾਣਾ ਮੋਤੀ ਨਗਰ ਦੀ ਪੁਲੀਸ ਨੇ ਜੁਆਇੰਟ ਅਪ੍ਰੇਸ਼ਨ ਚਲਾ ਕੇ ਇਸ ਜਾਂਚ ਕੀਤੀ। ਦੋਸ਼ ਸਹੀ ਪਾਏ ਜਾਣ ਤੋਂ ਬਾਅਦ ਕਮਿਸ਼ਨਰ ਦੇ ਹੁਕਮਾਂ ‘ਤੇ ਦੋਹਾਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਹਾਲਾਂਕਿ ਇਨ੍ਹਾਂ ਦੇ 2 ਸਾਥੀ ਹਾਲੇ ਫਰਾਰ ਹਨ। ਪੁਲੀਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਦੀਪ ਕਿਰਨ ਤੇ ਨਰਪਿੰਦਰ ਦਾ ਕਰੀਬ ਡੇਢ ਸਾਲ ਪਹਿਲਾਂ ਵਿਆਹ ਹੋਇਆ ਸੀ। ਦੋਹਾਂ ਦਾ ਦੂਸਰਾ ਵਿਆਹ ਸੀ। ਉਹ ਨੌਜਵਾਨਾਂ ਨੂੰ ਆਪਣੇ ਜਾਲ ‘ਚ ਫਸਾਉਂਦੀ ਅਤੇ ਪੰਜਾਬ ਪੁਲੀਸ ‘ਚ ਭਰਤੀ ਕਰਵਾਉਣ ਦੇ ਨਾਮ ‘ਤੇ ਲੱਖਾਂ ਰੁਪਏ ਠੱਗਦੀ ਸੀ। ਪੁਲੀਸ ਗ੍ਰਿਫ਼ਤ ‘ਚੋਂ ਫ਼ਰਾਰ ਚੱਲ ਰਹੇ ਮੁਲਜ਼ਮ ਸੁਖਦੇਵ ਸਿੰਘ ਉਰਫ਼ ਸੋਨੂੰ ਅਤੇ ਲਖਵਿੰਦਰ ਲਾਡੀ ਵੀ ਮੁਲਜ਼ਮਾਂ ਦਾ ਇਸ ਕੰਮ ‘ਚ ਸਾਥ ਦਿੰਦੇ ਸਨ। ਪੁਲੀਸ ਅਨੁਸਾਰ ਉਹ ਵੱਖ-ਵੱਖ ਲੋਕਾਂ ਤੋਂ 20 ਲੱਖ ਰੁਪਏ ਤੋਂ ਵੱਧ ਠੱਗ ਚੁੱਕੇ ਹਨ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਉਨ੍ਹਾਂ ਦੇ ਕਬਜ਼ੇ ‘ਚੋਂ ਇਕ ਫਾਰਚੂਨਰ ਕਾਰ, ਇਕ ਸਵਿਫ਼ਟ ਕਾਰ, 2 ਕਾਂਸਟੇਬਲ ਦੀਆਂ ਵਰਦੀਆਂ, ਇਕ ਔਰਤ ਸਬ-ਇੰਸਪੈਕਟਰ ਦੀ ਵਰਦੀ, ਇਕ ਲੱਖ ਰੁਪਏ ਨਕਦੀ, 2 ਜਾਅਲੀ ਜੁਆਇਨਿੰਗ ਲੈਟਰ, ਪੁਲੀਸ ‘ਚ ਭਰਤੀ ਕਰਾਏ ਜਾਣ ਲਈ 10 ਫਾਰਮ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ।