ਦਿੱਲੀ ਦੇ ਜੰਤਰ-ਮੰਤਰ ‘ਤੇ ਭਲਵਾਨਾਂ ਦਾ ਚੱਲ ਰਿਹਾ ਪ੍ਰਦਰਸ਼ਨ ਸਮਾਪਤ ਹੋ ਗਿਆ ਹੈ। ਦੇਰ ਰਾਤ ਤੱਕ ਖੇਡ ਮੰਤਰੀ ਅਨੁਰਾਗ ਠਾਕੁਰ ਅਤੇ ਭਲਵਾਨਾਂ ਵਿਚਾਲੇ ਮੀਟਿੰਗ ਚੱਲੀ ਜਿਸ ਤੋਂ ਬਾਅਦ ਪਹਿਲਵਾਨਾਂ ਨੇ ਆਪਣਾ ਪ੍ਰਦਰਸ਼ਨ ਖਤਮ ਕਰਨ ਦਾ ਐਲਾਨ ਕਰ ਦਿੱਤਾ। ਇਸ ਦੇ ਨਾਲ ਹੀ ਕਮੇਟੀ ਦਾ ਐਲਾਨ ਕੀਤਾ ਗਿਆ ਹੈ ਜੋ 4 ਹਫ਼ਤਿਆਂ ‘ਚ ਆਪਣੀ ਰਿਪੋਰਟ ਦੇਵੇਗੀ। ਜਾਂਚ ਜਦੋਂ ਤੱਕ ਪੂਰੀ ਨਹੀਂ ਹੋ ਜਾਂਦੀ, ਉਦੋਂ ਤੱਕ ਕੁਸ਼ਤੀ ਸੰਘ ਦਾ ਕੰਮ ਵੀ ਕਮੇਟੀ ਵੱਲੋਂ ਦੇਖਿਆ ਜਾਵੇਗਾ। ਕੁਸ਼ਤੀ ਸੰਘ ਦਾ ਮੌਜੂਦਾ ਪ੍ਰਧਾਨ ਅਤੇ ਭਾਜਪਾ ਮੈਂਬਰ ਪਾਰਲੀਮੈਂਟ ਬ੍ਰਿਜਭੂਸ਼ਨ ਸ਼ਰਨ ਸਿੰਘ ਜਾਂਚ ਪੂਰੀ ਹੋਣ ਤੱਕ ਸੰਘ ਦੇ ਕੰਮ ਤੋਂ ਦੂਰ ਰਹੇਗਾ ਅਤੇ ਜਾਂਚ ‘ਚ ਸਹਿਯੋਗ ਕਰੇਗਾ। ਵਿਨੇਸ਼ ਫੋਗਾਟ, ਬੰਜਰਗ ਪੂਨੀਆ, ਸਾਕਸ਼ੀ ਮਲਿਕ ਅਤੇ ਰਵੀ ਦਹੀਆ ਸਮੇਤ ਪਹਿਲਵਾਨਾਂ ਨੇ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨਾਲ ਦੂਜੇ ਗੇੜ ਦੀ ਗੱਲਬਾਤ ਤੋਂ ਬਾਅਦ ਵਿਵਾਦ ਸੁਲਝਾਉਣ ਤੋਂ ਬਾਅਦ ਆਪਣਾ ਧਰਨਾ ਖਤਮ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਭਾਰਤੀ ਓਲੰਪਿਕ ਐਸੋਸੀਏਸ਼ਨ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਚੇਅਰਮੈਨ ਬ੍ਰਿਜਭੂਸ਼ਨ ਸ਼ਰਨ ਸਿੰਘ ‘ਤੇ ਮਹਿਲਾ ਪਹਿਲਵਾਨਾਂ ਦੇ ਕਥਿਤ ਜਿਨਸੀ ਸ਼ੋਸ਼ਣ ਦੇ ਲੱਗੇ ਦੋਸ਼ਾਂ ਦੀ ਜਾਂਚ ਲਈ ਸੱਤ ਮੈਂਬਰੀ ਕਮੇਟੀ ਗਠਿਤ ਕਰ ਦਿੱਤੀ ਹੈ। ਓਲੰਪਿਕ ਤਗ਼ਮਾ ਜੇਤੂ ਮੁੱਕੇਬਾਜ਼ ਐੱਮ.ਸੀ. ਮੇਰੀਕੌਮ ਨੂੰ ਜਾਂਚ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ ਜਦੋਂਕਿ ਹੋਰਨਾਂ ਮੈਂਬਰਾਂ ‘ਚ ਭਾਰਤੀ ਵੇਟਲਿਫਟਿੰਗ ਫੈਡਰੇਸ਼ਨ ਦੇ ਪ੍ਰਧਾਨ ਸਹਿਦੇਵ ਯਾਦਵ, ਪਹਿਲਵਾਨ ਯੋਗੇਸ਼ਵਰ ਦੱਤ, ਤੀਰਅੰਦਾਜ਼ ਡੋਨਾ ਬੈਨਰਜੀ ਆਦਿ ਸ਼ਾਮਲ ਹੋਣਗੇ। ਇਹ ਫੈਸਲਾ ਆਈ.ਓ.ਏ. ਦੀ ਡੇਢ ਘੰਟੇ ਦੇ ਕਰੀਬ ਚੱਲੀ ਮੀਟਿੰਗ ਦੌਰਾਨ ਲਿਆ ਗਿਆ। ਆਈ.ਓ.ਏ. ਦੀ ਕਾਰਜਕਾਰੀ ਕੌਂਸਲ ਦੀ ਹੰਗਾਮੀ ਮੀਟਿੰਗ ‘ਚ ਪ੍ਰਧਾਨ ਪੀ.ਟੀ. ਊਸ਼ਾ ਤੇ ਸੰਯੁਕਤ ਸਕੱਤਰ ਕਲਿਆਣ ਚੌਬੇ ਤੋਂ ਇਲਾਵਾ ਓਲੰਪਿਕ ਸੋਨ ਤਗ਼ਮਾ ਜੇਤੂ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਤੇ ਯੋਗੇਸ਼ਵਰ ਦੱਤ ਵੀ ਮੌਜੂਦ ਸਨ। ਸ਼ਿਵਾ ਕੇਸ਼ਵਨ ਵਿਸ਼ੇਸ਼ ਇਨਵਾਇਟੀ ਵਜੋਂ ਸ਼ਾਮਲ ਹੋਏ। ਕਾਬਿਲੇਗੌਰ ਹੈ ਕਿ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਬ੍ਰਿਜਭੂਸ਼ਨ ਸ਼ਰਨ ਸਿੰਘ ਨੂੰ ਅਹੁਦੇ ਤੋਂ ਲਾਂਭੇ ਕਰਨ ਦੀ ਮੰਗ ਨੂੰ ਲੈ ਕੇ ਪਿਛਲੇ ਤਿੰਨ ਦਿਨਾਂ ਤੋਂ ਜੰਤਰ-ਮੰਤਰ ‘ਤੇ ਧਰਨਾ ਲਾਈ ਬੈਠੇ ਦੇਸ਼ ਦੇ ਨਾਮੀ ਪਹਿਲਵਾਨਾਂ ਦੀ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨਾਲ ਵੀਰਵਾਰ ਨੂੰ ਹੋਈ ਮੁਲਾਕਾਤ ਬੇਸਿੱਟਾ ਰਹੀ ਸੀ।