ਪੰਜਾਬ ਪੁਲੀਸ ਨੇ ਸੂਬੇ ਨੂੰ ਗੈਂਗਸਟਰਾਂ ਤੋਂ ਮੁਕਤ ਕਰਨ ਲਈ ਗੈਂਗਸਟਰ ਜਗਦੀਪ ਸਿੰਘ ਉਰਫ਼ ਜੱਗੂ ਭਗਵਾਨਪੁਰੀਆ ਨਾਲ ਸਬੰਧਤ ਸ਼ੱਕੀ ਵਿਅਕਤੀਆਂ ਦੇ ਟਿਕਾਣਿਆਂ ‘ਤੇ ਛਾਪੇ ਮਾਰੇ। ਇਹ ਕਾਰਵਾਈ ਸੂਬੇ ਦੇ ਸਾਰੇ ਜ਼ਿਲ੍ਹਿਆਂ ‘ਚ ਗੈਂਗਸਟਰ ਨਾਲ ਸਬੰਧਤ ਰਿਹਾਇਸ਼ੀ ਅਤੇ ਹੋਰ ਟਿਕਾਣਿਆਂ ‘ਤੇ ਇਕੋ ਸਮੇਂ ਕੀਤੀ ਗਈ। ਪੰਜਾਬ ਪੁਲੀਸ ਵੱਲੋਂ ਦੋ ਮਹੀਨਿਆਂ ‘ਚ ਵੱਖ-ਵੱਖ ਅੱਤਵਾਦੀਆਂ ਅਤੇ ਗੈਂਗਸਟਰਾਂ ਦੇ ਸ਼ੱਕੀ ਟਿਕਾਣਿਆਂ ‘ਤੇ ਇਹ ਚੌਥਾ ਛਾਪਾ ਹੈ। ਇਸ ਤੋਂ ਪਹਿਲਾਂ ਪੰਜਾਬ ਪੁਲੀਸ ਨੇ ਅਰਸ਼ ਡੱਲਾ, ਲਖਬੀਰ ਲੰਡਾ, ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਸ਼ੱਕੀ ਟਿਕਾਣਿਆਂ ‘ਤੇ ਛਾਪੇ ਮਾਰੇ ਸਨ। ਡੀ.ਜੀ.ਪੀ. ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲੀਸ ਦੀਆਂ 409 ਟੀਮਾਂ ‘ਚ ਸ਼ਾਮਲ 2863 ਮੁਲਾਜ਼ਮਾਂ ਨੇ ਜੱਗੂ ਭਗਵਾਨਪੁਰੀਆ ਨਾਲ ਜੁੜੇ ਸਮਾਜ ਵਿਰੋਧੀ ਅਨਸਰਾਂ ਦੇ 2371 ਸ਼ੱਕੀ ਟਿਕਾਣਿਆਂ ‘ਤੇ ਛਾਪੇ ਮਾਰੇ। ਉਨ੍ਹਾਂ ਕਿਹਾ ਕਿ ਪੁਲੀਸ ਨੇ ਪਿਛਲੇ ਦਿਨੀਂ ਭਗਵਾਨਪੁਰੀਆ ਦੇ ਫੜੇ ਗਏ ਹਮਾਇਤੀਆਂ ਤੋਂ ਕੀਤੀ ਪੁੱਛ-ਪੜਤਾਲ ਦੇ ਆਧਾਰ ‘ਤੇ ਇਹ ਕਾਰਵਾਈ ਕੀਤੀ ਹੈ। ਏ.ਡੀ.ਜੀ.ਪੀ. ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਕਿਹਾ ਕਿ ਪੁਲੀਸ ਟੀਮਾਂ ਨੇ ਭਗਵਾਨਪੁਰੀਆ ਨਾਲ ਸਬੰਧਤ ਰਿਹਾਇਸ਼ਾਂ ਅਤੇ ਹੋਰ ਥਾਵਾਂ ‘ਤੇ ਬਾਰੀਕੀ ਨਾਲ ਤਲਾਸ਼ੀ ਲਈ ਤੇ ਇਲੈਕਟ੍ਰਾਨਿਕ ਯੰਤਰਾਂ ਤੋਂ ਡੇਟਾ ਵੀ ਇਕੱਠਾ ਕੀਤਾ ਹੈ ਜਿਸ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲੀਸ ਟੀਮਾਂ ਨੇ ਅਸਲਾ ਲਾਇਸੈਂਸਾਂ ਦੀ ਜਾਂਚ ਕੀਤੀ ਤੇ ਇਨ੍ਹਾਂ ਵਿਅਕਤੀਆਂ ਤੋਂ ਅਸਲੇ ਦੀ ਸੋਰਸਿੰਗ, ਵਿਦੇਸ਼ ਆਧਾਰਤ ਪਰਿਵਾਰਕ ਮੈਂਬਰਾਂ ਦੇ ਯਾਤਰਾ ਸਬੰਧੀ ਵੇਰਵੇ, ਵਿਦੇਸ਼ਾਂ ਤੋਂ ਬੈਂਕਾਂ ਦੇ ਲੈਣ-ਦੇਣ ਸਣੇ ਜਾਇਦਾਦ ਦੇ ਵੇਰਵੇ ਇਕੱਠੇ ਕੀਤੇ ਹਨ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਭਾਰਤ ਤੇ ਵਿਦੇਸ਼ ਆਧਾਰਤ ਅੱਤਵਾਦੀਆਂ, ਗੈਂਗਸਟਰਾਂ ਤੇ ਨਸ਼ਾ ਤਸਕਰਾਂ ਦਰਮਿਆਨ ਗੱਠਜੋੜ ਨੂੰ ਤੋੜਨਾ ਹੈ। ਜ਼ਿਲ੍ਹਾ ਰੂਪਨਗਰ ਪੁਲੀਸ ਵੱਲੋਂ ਐੱਸ.ਐੱਸ.ਪੀ. ਰੂਪਨਗਰ ਵਿਵੇਕਸ਼ੀਲ ਸੋਨੀ ਦੀ ਅਗਵਾਈ ਅਧੀਨ ਜ਼ਿਲ੍ਹੇ ਅੰਦਰ ਗੈਂਗਸਟਰਾਂ ਨਾਲ ਸਬੰਧਤ ਜਾਂ ਸੰਪਰਕ ਅਧੀਨ ਵਿਅਕਤੀਆਂ ਦੇ ਘਰਾਂ ਦੀ ਜਾਂਚ ਕੀਤੀ ਗਈ। ਜਾਣਕਾਰੀ ਅਨੁਸਾਰ ਅੱਜ ਪੁਲੀਸ ਵੱਲੋਂ ਜੱਗੂ ਭਗਵਾਨਪੁਰੀਆ ਨਾਲ ਸਬੰਧਤ 13 ਵਿਅਕਤੀਆਂ ਦੇ ਘਰਾਂ ਦੀ ਚੈਕਿੰਗ ਕੀਤੀ ਗਈ, ਪਰ ਪੁਲੀਸ ਨੂੰ ਚੈਕਿੰਗ ਦੌਰਾਨ ਕੋਈ ਵੀ ਇਤਰਾਜ਼ਯੋਗ ਵਸਤੂ ਬਰਾਮਦ ਨਹੀਂ ਹੋਈ। ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਜ਼ਿਲ੍ਹਾ ਰੂਪਨਗਰ ਅੰਦਰ ਜੱਗੂ ਭਗਵਾਨਪੁਰੀਆ ਗੈਂਗ ਨਾਲ ਸਬੰਧਤ 21 ਵਿਅਕਤੀਆਂ ਦੀ ਸੂਚੀ ਤਿਆਰ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ 9 ਵਿਅਕਤੀਆਂ ਨੂੰ ਰਾਊਂਡਅੱਪ ਕਰਕੇ ਪੁੱਛਗਿੱਛ ਕੀਤੀ ਗਈ ਤੇ ਉਨ੍ਹਾਂ ਦੇ ਘਰਾਂ ਦੀ ਚੈਕਿੰਗ ਵੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸੂਚੀ ‘ਚ ਸ਼ਾਮਿਲ ਵਿਅਕਤੀਆਂ ਵਿੱਚੋਂ 7 ਵਿਅਕਤੀ ਵੱਖ ਵੱਖ ਅਪਰਾਧਿਕ ਮਾਮਲਿਆਂ ਤਹਿਤ ਜੇਲ੍ਹਾਂ ‘ਚ ਬੰਦ ਹਨ, ਜਦੋਂ ਕਿ 1 ਮੁਲਜ਼ਮ ਫ਼ਰਾਰ ਹੈ। ਉਨ੍ਹਾਂ ਕਿਹਾ ਕਿ ਪੁਲੀਸ ਦੀ ਕੋਸ਼ਿਸ਼ ਹੈ ਕਿ ਅਮਨ ਸ਼ਾਂਤੀ ਨੂੰ ਭੰਗ ਕਰਨ ਵਾਲੇ ਵਿਅਕਤੀਆਂ ਤੇ ਸ਼ਿਕੰਜਾ ਕਸਿਆ ਜਾਵੇ। ਇਸੇ ਤਰ੍ਹਾਂ ਜੱਗੂ ਭਗਵਾਨਪੁਰੀਏ ਦੇ ਸਾਥੀ ਰਹੇ ਸ੍ਰੀ ਕੀਰਤਪੁਰ ਸਾਹਿਬ ਇਲਾਕੇ ਦੇ ਤਿੰਨ ਨੌਜਵਾਨਾਂ ਦੇ ਘਰ ਜ਼ਿਲ੍ਹਾ ਰੂਪਨਗਰ ਦੇ ਐੱਸ.ਪੀ. ਮਨਿੰਦਰਬੀਰ ਸਿੰਘ ਵੱਲੋਂ ਆਪਣੀਆਂ ਪੁਲੀਸ ਪਾਰਟੀਆਂ ਸਮੇਤ ਪਹੁੰਚ ਕੇ ਘਰਾਂ ਦੀ ਤਲਾਸ਼ੀ ਲਈ ਗਈ ਅਤੇ ਨੌਜਵਾਨਾਂ ਦੇ ਸ਼ੋਸ਼ਲ ਮੀਡੀਆ ਅਕਾਊਂਟ ਅਤੇ ਬੈਂਕ ਖਾਤਿਆਂ ਦੀ ਵੀ ਜਾਂਚ ਕੀਤੀ ਗਈ। ਥਾਣਾ ਬਨੂੜ ਦੀ ਪੁਲੀਸ ਨੇ ਡੀ.ਜੀ.ਪੀ. ਗੌਰਵ ਯਾਦਵ ਦੇ ਆਦੇਸ਼ਾਂ ਅਨੁਸਾਰ ਥਾਣਾ ਮੁਖੀ ਇੰਸਪੈਕਟਰ ਕੁਲਵੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਬਨੂੜ ਸ਼ਹਿਰ ਤੇ ਨੇੜਲੇ ਪਿੰਡ ਕਲੌਲੀ ‘ਚ ਅੱਧੀ ਦਰਜਨ ਦੇ ਕਰੀਬ ਘਰਾਂ ‘ਚ ਤਲਾਸ਼ੀ ਮੁਹਿੰਮ ਚਲਾਈ। ਪੁਲੀਸ ਵੱਲੋਂ ਜ਼ਿਆਦਾਤਰ ਉਨ੍ਹਾਂ ਘਰਾਂ ਦੀ ਤਲਾਸ਼ੀ ਲਈ ਗਈ, ਜਿਨ੍ਹਾਂ ਪਰਿਵਾਰਾਂ ਦਾ ਕੋਈ ਨਾ ਕੋਈ ਮੈਂਬਰ ਬੀਤੇ ਦਿਨਾਂ ਦੌਰਾਨ ਜੇਲ੍ਹ ‘ਚ ਰਹਿ ਕੇ ਆਇਆ ਹੋਇਆ ਸੀ।