ਕੈਲੀਫੋਰਨੀਆ ਦੇ ਯੋਸੇਮਿਤ ਨੈਸ਼ਨਲ ਪਾਰਕ ਨੇਡ਼ੇ ਜੰਗਲੀ ਅੱਗ ਸ਼ਨੀਵਾਰ ਨੂੰ ਜੰਗਲੀ ਰੂਪ ਧਾਰਨ ਕਰ ਗਈ ਜਿਸ ਕਾਰਨ ਹਜ਼ਾਰਾਂ ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ’ਤੇ ਜਾਣ ਲਈ ਮਜਬੂਰ ਹੋਣਾ ਪਿਆ। ਕੈਲੀਫੋਰਨੀਆ ਦੇ ਜੰਗਲਾਂ ’ਚ ਇਸ ਸਾਲ ਦੀ ਇਹ ਸਭ ਤੋਂ ਭਿਆਨਕ ਅੱਗ ਹੈ। ਇਸ ਕਾਰਨ 2000 ਤੋਂ ਵੱਧ ਘਰਾਂ ਅਤੇ ਉਦਯੋਗਾਂ ਲਈ ਬਿਜਲੀ ਕੱਟ ਲਗਾਏ ਗਏ। ਕੈਲੀਫੋਰਨੀਆ ਦੇ ਜੰਗਲਾਤ ਅਤੇ ਅੱਗ ਸੁਰੱਖਿਆ ਵਿਭਾਗ ਦੇ ਅਨੁਸਾਰ ਅੱਗ ਸ਼ੁੱਕਰਵਾਰ ਦੁਪਹਿਰ ਨੂੰ ਮਾਰੀਪੋਸਾ ਕਾਉਂਟੀ ਦੇ ਮਿਡਪਾਈਨਸ ਕਸਬੇ ਦੇ ਨੇਡ਼ੇ ਨੈਸ਼ਨਲ ਪਾਰਕ ਦੇ ਦੱਖਣ-ਪੱਛਮੀ ਖੇਤਰ ’ਚ ਲੱਗੀ ਅਤੇ ਸ਼ਨੀਵਾਰ ਤੱਕ ਇਹ ਲਗਭਗ 48 ਵਰਗ ਕਿਲੋਮੀਟਰ ਦੇ ਖੇਤਰ ’ਚ ਫੈਲ ਗਈ। ਸੀਏਰਾ ਨੈਸ਼ਨਲ ਫੋਰੈਸਟ ਦੇ ਬੁਲਾਰੇ ਡੇਨੀਅਲ ਪੈਟਰਸਨ ਨੇ ਕਿਹਾ ਕਿ ਘੱਟ ਆਬਾਦੀ ਵਾਲੇ ਪੇਂਡੂ ਖੇਤਰ ’ਚ ਰਹਿਣ ਵਾਲੇ 6000 ਤੋਂ ਵੱਧ ਲੋਕਾਂ ਨੂੰ ਸ਼ਨੀਵਾਰ ਨੂੰ ਆਪਣੇ ਘਰ ਛੱਡਣ ਅਤੇ ਸੁਰੱਖਿਅਤ ਥਾਵਾਂ ’ਤੇ ਜਾਣ ਦਾ ਆਦੇਸ਼ ਦਿੱਤਾ ਗਿਆ ਸੀ। ਗਵਰਨਰ ਗੇਵਿਨ ਨਿਊਜ਼ੋਮ ਨੇ ਸ਼ਨੀਵਾਰ ਨੂੰ ਮਾਰੀਪੋਸਾ ਕਾਉਂਟੀ ਲਈ ਜੰਗਲ ਦੀ ਅੱਗ ਕਾਰਨ ਐਮਰਜੈਂਸੀ ਦੀ ਘੋਸ਼ਣਾ ਕੀਤੀ। ਪੈਟਰਸਨ ਨੇ ਕਿਹਾ ਕਿ 400 ਤੋਂ ਵੱਧ ਫਾਇਰਫਾਈਟਰ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਹੈਲੀਕਾਪਟਰਾਂ, ਹੋਰ ਜਹਾਜ਼ਾਂ ਅਤੇ ਬੁਲਡੋਜ਼ਰਾਂ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ। ਕੈਲੀਫੋਰਨੀਆ ਫਾਇਰ ਡਿਪਾਰਟਮੈਂਟ ਨੇ ਕਿਹਾ ਕਿ ਸ਼ਨੀਵਾਰ ਸਵੇਰ ਤੱਕ ਅੱਗ ਨੇ 10 ਰਿਹਾਇਸ਼ੀ ਅਤੇ ਵਪਾਰਕ ਇਮਾਰਤਾਂ ਨੂੰ ਤਬਾਹ ਕਰ ਦਿੱਤਾ ਸੀ, ਪੰਜ ਹੋਰ ਨੂੰ ਨੁਕਸਾਨ ਪਹੁੰਚਾਇਆ ਸੀ ਅਤੇ 2000 ਤੋਂ ਵੱਧ ਇਮਾਰਤਾਂ ਨੂੰ ਖਤਰਾ ਸੀ। ਜਲਵਾਯੂ ਪਰਿਵਰਤਨ ਦੇ ਕਾਰਨ ਹਾਲ ਹੀ ਦੇ ਸਾਲਾਂ ’ਚ ਕੈਲੀਫੋਰਨੀਆ ’ਚ ਜੰਗਲਾਂ ’ਚ ਅੱਗ ਲੱਗਣ ਦੀਆਂ ਘਟਨਾਵਾਂ ’ਚ ਕਾਫੀ ਵਾਧਾ ਹੋਇਆ ਹੈ।