ਸੁਖਬੀਰ ਸਿੰਘ ਬਾਦਲ ਸਮੇਤ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਕੁਝ ਸਵਾਲ ਖੜ੍ਹੇ ਕਰਨ ਵਾਲੇ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਅਕਾਲੀ ਦਲ ਦੇ ਬਾਗ਼ੀ ਆਗੂ ਜਗਮੀਤ ਸਿੰਘ ਬਰਾੜ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਜਗਮੀਤ ਬਰਾੜ ਵੱਲੋਂ ਅਕਾਲੀ ਦਲਾਂ ਦੇ ਏਕੇ ਲਈ ਗਠਿਤ ਕੀਤੀ ਤਾਲਮੇਲ ਕਮੇਟੀ ਦੇ ਵਿਸਥਾਰ ਤੋਂ ਇਕ ਦਿਨ ਬਾਅਦ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਨੇ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਹੈ। ਨੋਟਿਸ ‘ਚ ਬਰਾੜ ਨੂੰ 6 ਦਸੰਬਰ ਨੂੰ ਪੇਸ਼ ਹੋ ਕੇ ਆਪਣਾ ਪੱਖ ਰੱਖਣ ਲਈ ਕਿਹਾ ਗਿਆ ਹੈ। ਉਧਰ ਤਾਲਮੇਲ ਕਮੇਟੀ ‘ਚ ਸ਼ਾਮਲ ਕੀਤੇ ਤਿੰਨ ਸੀਨੀਅਰ ਅਕਾਲੀ ਆਗੂਆਂ ਸੁੱਚਾ ਸਿੰਘ ਛੋਟੇਪੁਰ, ਰਵੀਕਰਨ ਸਿੰਘ ਕਾਹਲੋਂ ਅਤੇ ਅਰਵਿੰਦਰਪਾਲ ਸਿੰਘ ਪੱਖੋਕੇ ਨੇ ਜਗਮੀਤ ਬਰਾੜ ਵੱਲੋਂ ਕਾਇਮ ਕਮੇਟੀ ਤੋਂ ਕਿਨਾਰਾ ਕਰ ਲਿਆ ਹੈ। ਇਨ੍ਹਾਂ ਆਗੂਆਂ ਨੇ ਸਾਬਕਾ ਸੰਸਦ ਮੈਂਬਰ ਵੱਲੋਂ ਕੀਤੀ ਕਾਰਵਾਈ ਦੀ ਅਲੋਚਨਾ ਕੀਤੀ ਹੈ। ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਨੇ ਜਗਮੀਤ ਬਰਾੜ ਨੂੰ ਜਾਰੀ ਨੋਟਿਸ ‘ਚ ਕਿਹਾ ਕਿ ਉਹ 6 ਦਸੰਬਰ ਨੂੰ ਦੁਪਹਿਰ 12.00 ਵਜੇ ਪਾਰਟੀ ਦੇ ਮੁੱਖ ਦਫਤਰ ਵਿਚ ਕਮੇਟੀ ਅੱਗੇ ਪੇਸ਼ ਹੋ ਕੇ ਆਪਣੀ ਪਾਰਟੀ ਵਿਰੋਧੀ ਬਿਆਨਬਾਜ਼ੀ ਬਾਰੇ ਸਪਸ਼ਟੀਕਰਨ ਦੇਣ। ਪੱਤਰ ‘ਚ ਕਿਹਾ ਗਿਆ ਕਿ ਸਾਬਕਾ ਐੱਮ.ਪੀ. ਖ਼ਿਲਾਫ਼ ਪਾਰਟੀ ਵਿਰੋਧੀ ਸਰਗਰਮੀਆਂ ‘ਚ ਸ਼ਾਮਲ ਹੋਣ ਕਾਰਨ ਅਨੁਸ਼ਾਸਨੀ ਕਾਰਵਾਈ ਆਰੰਭੀ ਗਈ ਹੈ। ਅਨੁਸ਼ਾਸਨੀ ਕਮੇਟੀ ਨੇ ਪੱਤਰ ‘ਚ ਕਿਹਾ ਕਿ ਕਮੇਟੀ ਸਾਬਕਾ ਸੰਸਦ ਮੈਂਬਰ ਨੂੰ ਪਹਿਲਾਂ ਜਾਰੀ ਕੀਤੇ ‘ਕਾਰਨ ਦੱਸੋ’ ਨੋਟਿਸ ਦੇ ਦਿੱਤੇ ਜਵਾਬ ਨੂੰ ਗੈਰਤਸੱਲੀਬਖ਼ਸ਼ ਦੱਸ ਚੁੱਕੀ ਹੈ। ਇਸ ‘ਚ ਕਿਹਾ ਗਿਆ ਕਿ ਬਰਾੜ ਸਿੱਧੇ ਰਾਹ ਪੈਣ ਦੀ ਥਾਂ ਆਪਣੇ ਪੱਧਰ ‘ਤੇ ਹੀ ਕਮੇਟੀਆਂ ਦੇ ਗਠਨ ‘ਚ ਲੱਗੇ ਹਨ ਤੇ ਪਾਰਟੀ ਵਿਰੋਧੀ ਸਰਗਰਮੀਆਂ ਕਰ ਰਹੇ ਹਨ। ਮਲੂਕਾ ਨੇ ਸਾਬਕਾ ਸੰਸਦ ਮੈਂਬਰ ਨੂੰ ਕਿਹਾ ਕਿ ਉਹ 6 ਦਸੰਬਰ ਨੂੰ ਨਿੱਜੀ ਤੌਰ ‘ਤੇ ਪੇਸ਼ ਹੋ ਕੇ ਆਪਣਾ ਲਿਖਤੀ ਜਵਾਬ ਕਮੇਟੀ ਨੂੰ ਦੇਣ। ਉਧਰ ਅਕਾਲੀ ਆਗੂ ਰਵੀਕਰਨ ਸਿੰਘ ਕਾਹਲੋਂ ਨੇ ਇਕ ਬਿਆਨ ਰਾਹੀਂ ਸਪੱਸ਼ਟ ਕੀਤਾ ਕਿ ਜਗਮੀਤ ਸਿੰਘ ਬਰਾੜ ਵੱਲੋਂ ਬਣਾਈ ਕਮੇਟੀ ‘ਚ ਉਨ੍ਹਾਂ ਦਾ ਨਾਂ ਕਿਵੇਂ ਤੇ ਕਿਉਂ ਪਾਇਆ ਗਿਆ, ਇਸ ਗੱਲ ‘ਤੇ ਉਹ ਹੈਰਾਨ ਹਨ ਕਿਉਂਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਾਦਾਰ ਸਿਪਾਹੀ ਸੀ, ਹਨ ਤੇ ਰਹਿਣਗੇ। ਕਾਹਲੋਂ ਨੇ ਕਿਹਾ ਕਿ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ ਪੂਰਨ ਭਰੋਸਾ ਹੈ। ਸੁੱਚਾ ਸਿੰਘ ਛੋਟੇਪੁਰ ਨੇ ਵੀ ਜਗਮੀਤ ਬਰਾੜ ਵੱਲੋਂ ਬਣਾਈ ਤਾਲਮੇਲ ਕਮੇਟੀ ਨਾਲ ਉਨ੍ਹਾਂ ਦਾ ਕੋਈ ਲਾਗਾ ਦੇਗਾ ਨਾ ਹੋਣ ਦਾ ਦਾਅਵਾ ਕੀਤਾ ਹੈ। ਅਰਵਿੰਦਰਪਾਲ ਸਿੰਘ ਪੱਖੋਕੇ ਨੇ ਵੀ ਅਕਾਲੀ ਦਲ ਅਤੇ ਬਾਦਲਾਂ ਦੇ ਵਫਾਦਾਰ ਹੋਣ ਦੀ ਗੱਲ ਕਰਦਿਆਂ ਜਗਮੀਤ ਸਿੰਘ ਬਰਾੜ ਵੱਲੋਂ ਕੀਤੀ ਕਾਰਵਾਈ ਦਾ ਵਿਰੋਧ ਕਰਦਿਆਂ ਪੱਲਾ ਝਾੜ ਲਿਆ ਹੈ।