ਜਲੰਧਰ ਕੈਂਟ ਤੋਂ ਵਿਧਾਇਕ ਰਹੇ ਜਗਬੀਰ ਸਿੰਘ ਬਰਾੜ ਨੇ ਹੁਣ ਤੱਕ ਕਈ ਪਾਰਟੀਆਂ ਬਦਲੀਆਂ ਹਨ। ਉਹ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਵਾਲੀ ਪੀਪਲਜ਼ ਪਾਰਟੀ ਆਫ ਪੰਜਾਬ ਤੋਂ ਇਲਾਵਾ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ‘ਚ ਵੀ ਰਹੇ। ਕਾਂਗਰਸ ਛੱਡ ਕੇ ਉਹ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਹੋਏ ਸਨ ਅਤੇ ਅੱਜ ਐਤਵਾਰ ਨੂੰ ਉਨ੍ਹਾਂ ਅਕਾਲੀ ਦਲ ਵੀ ਛੱਡ ਦਿੱਤਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਮੌਜੂਦਗੀ ‘ਚ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਕੇ ‘ਝਾੜੂ’ ਫੜ ਲਿਆ। ਜਗਬੀਰ ਸਿੰਘ ਬਰਾੜ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ‘ਚ ਸ਼ਾਮਲ ਕਰਵਾਇਆ। ਦੱਸਦਈਏ ਕਿ ਜਗਬੀਰ ਸਿੰਘ ਬਰਾੜ ਕਾਂਗਰਸ ਦੀ ਪਾਰਟੀ ‘ਚ ਵੀ ਰਹਿ ਚੁੱਕੇ ਹਨ। ਸਾਲ 2007 ‘ਚ ਜਗਬੀਰ ਸਿੰਘ ਬਰਾੜ ਨੇ ਜਲੰਧਰ ਕੈਂਟ ਤੋਂ ਅਕਾਲੀ ਦਲ ਦੀ ਟਿਕਟ ‘ਤੇ ਚੋਣ ਲੜੀ ਸੀ। ਸਾਲ 2011 ‘ਚ ਉਹ ਮਨਪ੍ਰੀਤ ਸਿੰਘ ਬਾਦਲ ਵੱਲੋਂ ਬਣਾਈ ਪੀ.ਪੀ.ਪੀ. ਪਾਰਟੀ ‘ਚ ਸ਼ਾਮਲ ਹੋ ਗਏ ਸਨ। 2012 ਦੀਆਂ ਚੋਣਾਂ ਤੋਂ ਐਨ ਪਹਿਲਾਂ ਉਹ ਕਾਂਗਰਸ ‘ਚ ਆ ਗਏ। ਸਾਲ 2017 ‘ਚ ਪਰਗਟ ਸਿੰਘ ਦੇ ਕਾਂਗਰਸ ‘ਚ ਆਉਣ ਕਾਰਨ ਜਗਬੀਰ ਬਰਾੜ ਨੂੰ ਜਲੰਧਰ ਕੈਂਟ ਦੀ ਥਾਂ ਨਕੋਦਰ ਵਿਧਾਨ ਸਭਾ ਹਲਕੇ ਤੋਂ ਟਿਕਟ ਦਿੱਤੀ ਗਈ ਸੀ, ਜਿੱਥੇ ਉਹ ਤੀਜੇ ਨੰਬਰ ‘ਤੇ ਰਹਿ ਕੇ ਹਾਰ ਗਏ ਸਨ। 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਦੋਆਬਾ ‘ਚ ਕਾਂਗਰਸ ਨੂੰ ਵੱਡਾ ਝਟਕਾ ਦਿੰਦਿਆਂ ਜਗਬੀਰ ਸਿੰਘ ਬਰਾੜ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਹੋ ਗਏ ਸਨ। ਉਥੇ ਹੀ ਅੱਜ ਅਕਾਲੀ ਦਲ ਨੂੰ ਅਲਵਿਦਾ ਕਹਿੰਦੇ ਹੋਏ ਜਗਬੀਰ ਸਿੰਘ ਬਰਾੜ ਨੇ ਆਮ ਆਦਮੀ ਪਾਰਟੀ ਦਾ ਝਾੜੂ ਫੜ ਲਿਆ ਹੈ। ਜਲੰਧਰ ‘ਚ ਹੋਣ ਵਾਲੀ ਜ਼ਿਮਨੀ ਚੋਣ ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖ ਗਿਆ ਹੈ।