ਆਈ.ਪੀ.ਐੱਲ. ਦੇ ਇਕ ਮੈਚ ‘ਚ ਟਿਮ ਡੇਵਿਡ ਦੀਆਂ 14 ਗੇਂਦਾਂ ‘ਚ 45 ਦੌੜਾਂ ਦੀ ਮਦਦ ਨਾਲ ਮੁੰਬਈ ਇੰਡੀਅਨਜ਼ ਨੇ ਯਸ਼ਸਵੀ ਜਾਇਸਵਾਲ ਦੇ ਸੈਂਕੜੇ ਨੂੰ ਬੇਨੂਰ ਕਰਦੇ ਹੋਏ 6 ਵਿਕਟਾਂ ਨਾਲ ਰੋਮਾਂਚਕ ਜਿੱਤ ਦਰਜ ਕੀਤੀ। ਜਾਇਸਵਾਲ ਦੇ ਪਹਿਲੇ ਸੈਂਕੜੇ ਦੀ ਬਦੌਲਤ ਰਾਜਸਥਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 7 ਵਿਕਟਾਂ ‘ਤੇ 212 ਦੌੜਾਂ ਦਾ ਵੱਡਾ ਸਕੋਰ ਬਣਾਇਆ ਸੀ। ਜਾਇਸਵਾਲ ਨੇ 62 ਗੇਂਦਾਂ ‘ਚ 16 ਚੌਕਿਆਂ ਤੇ 8 ਛੱਕਿਆਂ ਦੀ ਮਦਦ ਨਾਲ 124 ਦੌੜਾਂ ਦੀ ਪਾਰੀ ਖੇਡੀ। ਜਵਾਬ ‘ਚ ਮੁੰਬਈ ਨੇ 3 ਗੇਂਦਾਂ ਬਾਕੀ ਰਹਿੰਦਿਆਂ 4 ਵਿਕਟਾਂ ਗੁਆ ਕੇ 214 ਦੌੜਾਂ ਬਣਾਈਆਂ। ਮੁੰਬਈ ਦੀ ਜਿੱਤ ਦੇ ਸ਼ਿਲਪਕਾਰ ਰਹੇ ਡੇਵਿਡ ਨੇ ਸਿਰਫ 14 ਗੇਂਦਾਂ ‘ਚ 2 ਚੌਕਿਆਂ ਤੇ 5 ਛੱਕਿਆਂ ਦੀ ਮਦਦ ਨਾਲ ਅਜੇਤੂ 45 ਦੌੜਾਂ ਬਣਾਈਆਂ। ਮੁੰਬਈ ਨੂੰ ਆਖਰੀ ਦੋ ਓਵਰਾਂ ‘ਚ ਜਿੱਤ ਲਈ 32 ਦੌੜਾਂ ਦੀ ਲੋੜ ਸੀ। ਡੇਵਿਡ ਨੇ 19ਵੇਂ ਓਵਰ ‘ਚ ਸੰਦੀਪ ਸ਼ਰਮਾ ਨੂੰ ਲਾਏ ਇਕ ਚੌਕੇ ਤੇ ਇਕ ਛੱਕੇ ਸਮੇਤ 15 ਦੌੜਾਂ ਬਣਾਈਆਂ। ਆਖਰੀ ਓਵਰ ‘ਚ ਮੁੰਬਈ ਨੂੰ 17 ਦੌੜਾਂ ਦੀ ਲੋੜ ਸੀ ਤੇ ਡੇਵਿਡ ਨੇ ਜੈਸਨ ਹੋਲਡਰ ਦੀਆਂ ਪਹਿਲੀਆਂ ਤਿੰਨ ਗੇਂਦਾਂ ‘ਤੇ 3 ਛੱਕੇ ਲਾ ਕੇ ਟੀਮ ਨੂੰ ਚਮਤਕਾਰੀ ਜਿੱਤ ਦਿਵਾਈ ਅਤੇ ਮੈਚ ਨੂੰ ਯਾਦਗਾਰੀ ਬਣਾ ਦਿੱਤਾ। ਇਸ ਤੋਂ ਪਹਿਲਾਂ ਸੂਰਯਕੁਮਾਰ ਯਾਦਵ ਨੇ 29 ਗੇਂਦਾਂ ‘ਚ 55 ਦੌੜਾਂ ਬਣਾਈਆਂ ਜਿਸ ‘ਚ 8 ਚੌਕੇ ਤੇ 2 ਛੱਕੇ ਸ਼ਾਮਲ ਸਨ। ਕੈਮਰਨ ਗ੍ਰੀਨ ਨੇ 26 ਗੇਂਦਾਂ ‘ਚ 44 ਦੌੜਾਂ ਤੇ ਤਿਲਕ ਵਰਮਾ ਨੇ 21 ਗੇਂਦਾਂ ‘ਚ ਅਜੇਤੂ 29 ਦੌੜਾਂ ਬਣਾਈਆਂ। ਕਪਤਾਨ ਰੋਹਿਤ ਸ਼ਰਮਾ (3) ਸਸਤੇ ‘ਚ ਆਊਟ ਹੋ ਗਿਆ ਸੀ। ਰਾਜਸਥਾਨ ਦੀ ਪਾਰੀ ਦਾ ਖਿੱਚ ਦਾ ਕੇਂਦਰ ਜਾਇਸਵਾਲ ਰਿਹਾ ਜਿਸ ਦੀਆਂ ਇਸ ਸੈਸ਼ਨ ‘ਚ 400 ਤੋਂ ਵੱਧ ਦੌੜਾਂ ਹੋ ਗਈਆਂ ਹਨ ਤੇ ਉਸ ਨੇ ਇਸ ਸੈਸ਼ਨ ਦਾ ਬੈਸਟ ਸਕੋਰ ਵੀ ਬਣਾਇਆ।