ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਡੈਮੋਕ੍ਰੇਟਿਕ ਪਾਰਟੀ ਦੀ ਮੀਟਿੰਗ ਦੌਰਾਨ ਦੂਜੇ ਕਾਰਜਕਾਲ ਲਈ ਉਮੀਦਵਾਰੀ ਪੇਸ਼ ਕਰਨ ਦਾ ਸੰਕੇਤ ਦਿੱਤਾ। ਮੀਟਿੰਗ ‘ਚ ਡੈਮੋਕ੍ਰੇਟਿਕ ਪਾਰਟੀ ਦੇ ਮੈਂਬਰਾਂ ਨੇ ‘ਚਾਰ ਹੋਰ ਸਾਲ’ ਦੇ ਨਾਅਰੇ ਲਾਏ। ਹਾਲਾਂਕਿ ਇਸ ਸਬੰਧ ‘ਚ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ। ਬਾਇਡਨ ਨੇ ‘ਡੈਮੋਕ੍ਰੇਟਿਕ ਨੈਸ਼ਨਲ ਕਮੇਟੀ’ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਦੇ ਪ੍ਰਸ਼ਾਸਨ ਨੇ ਇਕ ਮਜ਼ਬੂਤ ਆਰਥਿਕਤਾ ਬਣਾਉਣ ‘ਚ ਮਦਦ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪ੍ਰਸ਼ਾਸਨ ਨੇ ਜਨਤਕ ਕੰਮਾਂ, ਸਿਹਤ ਦੇਖ਼ਭਾਲ ਅਤੇ ਗਰੀਨ ਤਕਨਾਲੋਜੀ ‘ਚ ਦੇਸ਼ ਦੇ ਵੱਡੇ ਸੰਘੀ ਨਿਵੇਸ਼ ਕੀਤੇ ਹਨ। ਉਨ੍ਹਾਂ ਨੇ ਰਿਪਬਲਿਕਨ ਕੱਟੜਪੰਥੀ ਦੀ ਆਲੋਚਨਾ ਕੀਤੀ। ਪਾਰਟੀ ਦੇ ਸੈਂਕੜੇ ਆਗੂਆਂ ਦੇ ‘ਚਾਰ ਹੋਰ ਸਾਲ’ ਦੇ ਨਾਅਰਿਆਂ ਦਰਮਿਆਨ ਉਨ੍ਹਾਂ ਨੇ ਪੁੱਛਿਆ, ‘ਮੈਂ ਇਕ ਸਧਾਰਨ ਸਵਾਲ ਪੁੱਛਦਾ ਹਾਂ। ਕੀ ਤੁਸੀਂ ਮੇਰੇ ਨਾਲ ਹੋ?’ ਬਾਅਦ ਵਿੱਚ ਰਾਸ਼ਟਰਪਤੀ ਨੇ ਤਾੜੀਆਂ ਦੀ ਗੜਗੜਾਹਟ ਦੇ ਵਿਚਕਾਰ ਕਿਹਾ, ‘ਅਮਰੀਕਾ ਆਪਣੇ ਰੰਗ ‘ਚ ਵਾਪਸ ਆ ਗਿਆ ਹੈ ਅਤੇ ਅਸੀਂ ਇਕ ਵਾਰ ਫਿਰ ਦੁਨੀਆ ਦੀ ਅਗਵਾਈ ਕਰ ਰਹੇ ਹਾਂ।’ ਬਾਇਡਨ ਦਾ ਵੱਲੋਂ ਚੋਣ ਲੜਨ ਦਾ ਸੰਕੇਤ ਦੇਣਾ ਖਾਸ ਤੌਰ ‘ਤੇ ਅਜਿਹੇ ਸਮੇਂ ‘ਚ ਮਹੱਤਵਪੂਰਨ ਹੈ, ਜਦੋਂ ਉਨ੍ਹਾਂ ‘ਤੇ ਗੁਪਤ ਦਸਤਾਵੇਜ਼ਾਂ ਨਾਲ ਸਬੰਧਤ ਜਾਂਚ ਨੂੰ ਲੈ ਕੇ ਦਬਾਅ ਵਧ ਰਿਹਾ ਹੈ। ਇਸ ਤੋਂ ਪਹਿਲਾਂ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਗਰਭਪਾਤ ਦੇ ਅਧਿਕਾਰਾਂ ਦੇ ਮੁੱਦੇ ‘ਤੇ ਰਿਪਬਲਿਕਨ ਪਾਰਟੀ ਦੇ ਸਖ਼ਤ ਵਿਰੋਧ ਸਮੇਤ ਵੱਖ-ਵੱਖ ਮਾਮਲਿਆਂ ‘ਤੇ ਉਨ੍ਹਾਂ ‘ਤੇ ਨਿਸ਼ਾਨਾ ਸਾਧਿਆ। ਬਾਇਡਨ ਅਤੇ ਹੈਰਿਸ ਨੇ ਸ਼ੁੱਕਰਵਾਰ ਨੂੰ ਫਿਲਾਡੇਲਫੀਆ ‘ਚ ਇਕ ਪਾਣੀ ਸ਼ੁੱਧੀਕਰਨ ਪਲਾਂਟ ਦਾ ਦੌਰਾ ਵੀ ਕੀਤਾ। ਬਾਇਡਨ ਨੇ ਅਗਲੇ ਹਫ਼ਤੇ ਦੇ ਸਟੇਟ ਆਫ ਦਿ ਯੂਨੀਅਨ ਭਾਸ਼ਣ ਤੋਂ ਪਹਿਲਾਂ ਰਾਜਨੀਤਿਕ ਏਕਤਾ ਦੀ ਮੰਗ ਕੀਤੀ।