ਅਮਰੀਕਾ ਦੇ ਫਲੋਰੀਡਾ ‘ਚ ਔਰਤਾਂ 6 ਹਫ਼ਤਿਆਂ ਬਾਅਦ ਗਰਭਪਾਤ ਨਹੀਂ ਕਰਵਾ ਸਕਦੀਆਂ। ਫਲੋਰੀਡਾ ਦੇ ਗਵਰਨਰ ਰੌਨ ਡੀਸੈਂਟਿਸ ਨੇ ਇਸ ਬਿੱਲ ਨੂੰ ਮਨਜ਼ੂਰੀ ਦਿੱਤੀ ਹੈ। ਇਸ ਦੇ ਤਹਿਤ ਫਲੋਰੀਡਾ ‘ਚ ਔਰਤਾਂ 6 ਹਫ਼ਤੇ ਬਾਅਦ ਗਰਭਪਾਤ ਨਹੀਂ ਕਰਵਾ ਸਕਦੀਆਂ। ਪਰ ਉਸ ਦੇ ਬਿੱਲ ਦੀ ਸਖ਼ਤ ਆਲੋਚਨਾ ਹੋਈ। ਵ੍ਹਾਈਟ ਹਾਊਸ ਨੇ ਬਿੱਲ ਨੂੰ ਔਰਤਾਂ ਲਈ ਉਚਿਤ ਨਹੀਂ ਦੱਸਿਆ ਹੈ। ਫਲੋਰੀਡਾ ‘ਚ ਪੇਸ਼ ਕੀਤੇ ਗਏ ਬਿੱਲ ਮੁਤਾਬਕ ਔਰਤਾਂ 6 ਹਫਤਿਆਂ ਬਾਅਦ ਗਰਭਪਾਤ ਨਹੀਂ ਕਰਵਾ ਸਕਦੀਆਂ, ਦੂਜੇ ਪਾਸੇ ਜੇਕਰ ਗਰਭ ਤੋਂ ਔਰਤ ਦੀ ਸਿਹਤ ਨੂੰ ਖ਼ਤਰਾ ਹੋਵੇ ਤਾਂ ਔਰਤਾਂ 15 ਹਫ਼ਤਿਆਂ ਬਾਅਦ ਹੀ ਗਰਭਪਾਤ ਕਰਵਾ ਸਕਦੀਆਂ ਹਨ। ਇਸ ਦੇ ਨਾਲ ਹੀ ਬਿੱਲ ‘ਚ ਔਰਤਾਂ ਨੂੰ ਇਹ ਛੋਟ ਵੀ ਦਿੱਤੀ ਗਈ ਹੈ ਕਿ ਜੇਕਰ ਕੋਈ ਔਰਤ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋ ਕੇ ਗਰਭਵਤੀ ਹੋ ਜਾਂਦੀ ਹੈ ਤਾਂ ਅਜਿਹੀ ਸਥਿਤੀ ‘ਚ ਵੀ ਉਹ 15 ਦਿਨਾਂ ਦੇ ਅੰਦਰ ਹੀ ਗਰਭਪਾਤ ਕਰਵਾ ਸਕਦੀ ਹੈ। ਵ੍ਹਾਈਟ ਹਾਊਸ ਨੇ ਇਸ ਕਦਮ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਬਿੱਲ ਬੁਨਿਆਦੀ ਆਜ਼ਾਦੀ ਦੇ ਵਿਰੁੱਧ ਹੈ ਅਤੇ ਬਹੁਤ ਸਾਰੇ ਅਮਰੀਕੀ ਨਾਗਰਿਕ ਇਸ ਬਿੱਲ ਨਾਲ ਸਹਿਮਤ ਨਹੀਂ ਹਨ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੀਨ ਜੀਨ-ਪੀਅਰੇ ਨੇ ਇਕ ਬਿਆਨ ‘ਚ ਕਿਹਾ ਕਿ ਪਾਬੰਦੀ ਫਲੋਰੀਡਾ ਦੀਆਂ ਪ੍ਰਜਨਨ ਉਮਰ ਦੀਆਂ 40 ਲੱਖ ਔਰਤਾਂ ਨੂੰ ਪ੍ਰਭਾਵਤ ਕਰੇਗੀ ਕਿਉਂਕਿ ਗਰਭ ਅਵਸਥਾ ਦੇ ਛੇ ਹਫ਼ਤਿਆਂ ਤੱਕ ਗਰਭ ਅਵਸਥਾ ਦਾ ਪਤਾ ਲਗਾਉਣਾ ਮੁਸ਼ਕਲ ਹੈ। ਫਲੋਰੀਡਾ ਦੀ ਰਿਪਬਲਿਕਨ ਬਹੁਮਤ ਵਾਲੀ ਵਿਧਾਨ ਸਭਾ ਨੇ ਬਿੱਲ ਨੂੰ 40 ਦੇ ਮੁਕਾਬਲੇ 70 ਵੋਟਾਂ ਨਾਲ ਪਾਸ ਕਰ ਦਿੱਤਾ। ਇਕ ਸਾਲ ‘ਚ ਇਹ ਦੂਜੀ ਵਾਰ ਸੀ ਜਦੋਂ ਫਲੋਰੀਡਾ ਨੇ ਗਰਭਪਾਤ ਲਈ ਮਿਆਦ ‘ਚ ਕਟੌਤੀ ਕੀਤੀ ਹੈ। ਅਪ੍ਰੈਲ 2022 ‘ਚ ਗਵਰਨਰ ਰੌਨ ਡੀਸੈਂਟਿਸ ਨੇ ਫਲੋਰੀਡਾ ‘ਚ ਗਰਭਪਾਤ ਦਾ ਸਮਾਂ ਛੋਟਾ ਕਰ ਦਿੱਤਾ। ਉਨ੍ਹਾਂ ਅਪ੍ਰੈਲ ‘ਚ ਇਸ ਨੂੰ 24 ਤੋਂ ਘਟਾ ਕੇ 15 ਹਫ਼ਤਿਆਂ ਤੱਕ ਕਰ ਦਿੱਤਾ। ਫਲੋਰੀਡਾ ‘ਚ ਪੇਸ਼ ਕੀਤੇ ਗਏ ਇਸ ਕਾਨੂੰਨ ਦੇ ਇਕ ਪਾਸੇ ਸਮਰਥਕ ਹਨ ਅਤੇ ਦੂਜੇ ਪਾਸੇ ਇਸਦੇ ਆਲੋਚਕ ਵੀ ਹਨ। ਬਿੱਲ ਦੇ ਸਮਰਥਕਾਂ ਦਾ ਦਾਅਵਾ ਹੈ ਕਿ ਇਹ ਮਾਸੂਮ ਬੱਚਿਆਂ ਦੀ ਜਾਨ ਦੀ ਰੱਖਿਆ ਕਰੇਗਾ। ਜਮਹੂਰੀ ਵਿਰੋਧੀ ਧਿਰ ਅਤੇ ਗਰਭਪਾਤ ਦੇ ਅਧਿਕਾਰਾਂ ਦੇ ਹੱਕ ‘ਚ ਕਾਰਕੁਨਾਂ ਦਾ ਕਹਿਣਾ ਹੈ ਕਿ ਰਾਜ ਨੂੰ ਨਿੱਜੀ ਫ਼ੈਸਲਿਆਂ ‘ਚ ਦਖ਼ਲ ਨਹੀਂ ਦੇਣਾ ਚਾਹੀਦਾ ਕਿਉਂਕਿ ਇਸ ਨਾਲ ਬਹੁਤ ਸਾਰੀਆਂ ਔਰਤਾਂ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ। ਗੈਰ-ਲਾਭਕਾਰੀ ਪਬਲਿਕ ਰਿਲੀਜਨ ਰਿਸਰਚ ਇੰਸਟੀਚਿਊਟ ਦੁਆਰਾ ਕੀਤੇ ਗਏ ਇਕ ਸਰਵੇਖਣ ਅਨੁਸਾਰ 64 ਪ੍ਰਤੀਸ਼ਤ ਫਲੋਰੀਡਾ ਨਿਵਾਸੀਆਂ ਦਾ ਮੰਨਣਾ ਹੈ ਕਿ ਸਾਰੇ ਜਾਂ ਜ਼ਿਆਦਾਤਰ ਮਾਮਲਿਆਂ ‘ਚ ਗਰਭਪਾਤ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ।