ਏਸ਼ੀਆ ਕੱਪ ‘ਚ ਲਗਾਤਾਰ ਤਿੰਨ ਮੈਚ ਜਿੱਤਣ ਵਾਲੀ ਭਾਰਤੀ ਟੀਮ ਕੱਟੜ ਵਿਰੋਧੀ ਪਾਕਿਸਤਾਨ ਖ਼ਿਲਾਫ਼ ਦਬਾਅ ‘ਚ ਨਜ਼ਰ ਆਈ ਅਤੇ ਇਸ ਦਾ ਖਾਮਿਆਜ਼ਾ ਉਸ ਨੂੰ ਹਾਰ ਨਾਲ ਚੁਕਾਉਣਾ ਪਿਆ। ਸਿਲਹਟ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ‘ਚ ਪਾਕਿਸਤਾਨ ਵੱਲੋਂ ਜਿੱਤ ਲਈ ਦਿੱਤੇ ਗਏ 138 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਪੂਰੀ ਭਾਰਤੀ ਟੀਮ 19.4 ਓਵਰਾਂ ‘ਚ 124 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਈ ਅਤੇ ਉਸ ਨੂੰ 13 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਛੇ ਸਾਲਾਂ ‘ਚ ਪਹਿਲੀ ਹਾਰ ਹੈ ਜੋ ਪਾਕਿਸਤਾਨ ਹੱਥੋਂ ਮਿਲੀ। ਸਿਰਫ਼ 65 ਦੌੜਾਂ ‘ਤੇ ਪੰਜ ਵਿਕਟਾਂ ਗੁਆ ਕੇ ਕ੍ਰੀਜ਼ ‘ਤੇ ਆਈ ਕਪਤਾਨ ਹਰਮਨਪ੍ਰੀਤ (12) ਨੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਨਿਰਾਸ਼ ਕੀਤਾ। ਵਿਕਟਕੀਪਰ ਬੱਲੇਬਾਜ਼ ਰਿਚਾ ਘੋਸ਼ ਨੇ ਹੇਠਲੇ ਕ੍ਰਮ ‘ਚ ਆ ਕੇ 13 ਗੇਂਦਾਂ ‘ਚ 26 ਦੌੜਾਂ ਬਣਾਈਆਂ ਪਰ ਉਦੋਂ ਤੱਕ ਟੀਮ ਇੰਡੀਆ ਦੇ ਹੱਥੋਂ ਜਿੱਤ ਲਗਭਗ ਖਿਸਕ ਚੁੱਕੀ ਸੀ। ਪਾਕਿਸਤਾਨ ਨੇ ਖੇਡ ਦੇ ਹਰ ਵਿਭਾਗ ‘ਚ ਇੰਡੀਆ ਨੂੰ ਹਰਾ ਕੇ ਮਹੱਤਵਪੂਰਨ ਜਿੱਤ ਦਰਜ ਕੀਤੀ। ਨਸਰਾ ਸੰਧੂ ਨੇ ਸਭ ਤੋਂ ਵੱਧ ਤਿੰਨ ਵਿਕਟਾਂ ਲਈਆਂ, ਜਦਕਿ ਸਾਦੀਆ ਇਕਬਾਲ ਅਤੇ ਨਿਦਾ ਡਾਰ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਇਲਾਵਾ ਨਸਰਾ ਸੰਧੂ ਦੀ ਸਖ਼ਤ ਫੀਲਡਿੰਗ ਦੀ ਬਦੌਲਤ ਪਾਕਿ ਵਿਕਟਕੀਪਰ ਮੁਨੀਬਾ ਅਲੀ ਨੇ ਪੂਜਾ ਵਸਤਰਕਾਰ ਨੂੰ ਰਨ ਆਊਟ ਕੀਤਾ। ਇਸ ਤੋਂ ਪਹਿਲਾਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੇ ਪਾਕਿਸਤਾਨ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਸਿਰਫ਼ 33 ਦੌੜਾਂ ‘ਤੇ ਤਿੰਨ ਵਿਕਟਾਂ ਗੁਆਉਣ ਤੋਂ ਬਾਅਦ ਮੁਸ਼ਕਲ ‘ਚ ਫਸੀ ਪਾਕਿਸਤਾਨੀ ਟੀਮ ਨੂੰ ਕਪਤਾਨ ਮਾਰੂਫ ਨੇ ਨਿਦਾ ਡਾਰ ਨਾਲ ਮਿਲ ਕੇ ਸੰਭਾਲਿਆ। ਨਿਦਾ ਨੇ 37 ਗੇਂਦਾਂ ‘ਚ 56 ਦੌੜਾਂ ਦੀ ਅਜੇਤੂ ਪਾਰੀ ਖੇਡੀ ਜਿਸ ‘ਚ ਪੰਜ ਚੌਕੇ ਅਤੇ ਇਕ ਛੱਕਾ ਸ਼ਾਮਲ ਹੈ। ਗੁਜਰਾਂਵਾਲਾ ਦੀ 35 ਸਾਲਾ ਖਿਡਾਰਣ ਦਾ ਟੀ-20 ਕਰੀਅਰ ਦਾ ਇਹ ਛੇਵਾਂ ਅਰਧ ਸੈਂਕੜਾ ਸੀ। ਦੂਜੇ ਸਿਰੇ ‘ਤੇ ਮਾਰੂਫ ਨੇ ਸਾਵਧਾਨੀ ਨਾਲ ਖੇਡਦੇ ਹੋਏ 35 ਗੇਂਦਾਂ ‘ਚ 32 ਦੌੜਾਂ ਬਣਾਈਆਂ। ਮਾਰੂਫ ਦੇ ਆਊਟ ਹੁੰਦੇ ਹੀ ਇੰਡੀਆ ਦਾ ਦਾਅ ਇਕ ਵਾਰ ਫਿਰ ਗੁਆਂਢੀ ਦੇਸ਼ ‘ਤੇ ਕੱਸਿਆ ਗਿਆ ਅਤੇ ਪਾਕਿਸਤਾਨ ਨਿਰਧਾਰਤ 20 ਓਵਰਾਂ ‘ਚ 137 ਦੌੜਾਂ ਹੀ ਬਣਾ ਸਕਿਆ। ਇੰਡੀਆ ਲਈ ਦੀਪਤੀ ਸ਼ਰਮਾ 27 ਦੌੜਾਂ ਦੇ ਕੇ ਤਿੰਨ ਵਿਕਟਾਂ ਲੈ ਕੇ ਸਭ ਤੋਂ ਸਫਲ ਗੇਂਦਬਾਜ਼ ਰਹੀ, ਜਦਕਿ ਪੂਜਾ ਵਸਤਰਕਾਰ ਨੇ 23 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ।