ਵੈਨਕੂਵਰ ‘ਚ ਗ੍ਰੈਨਵਿਲ ਅਤੇ ਪੇਂਡਰ ਸਟ੍ਰੀਟ ‘ਤੇ ਸਟਾਰਬਕਸ ਦੇ ਬਾਹਰ ਵਾਪਰੀ ਛੁਰੇਬਾਜ਼ੀ ਦੀ ਘਟਨਾ ‘ਚ ਇਕ ਵਿਅਕਤੀ ਦੇ ਕਤਲ ਦੇ ਮਾਮਲੇ ‘ਚ 32 ਸਾਲਾ ਪੰਜਾਬੀ ਨੌਜਵਾਨ ਇੰਦਰਦੀਪ ਸਿੰਘ ਗੋਸਲ ‘ਤੇ ਦੂਜੇ ਦਰਜੇ ਦੇ ਕਤਲ ਦਾ ਦੋਸ਼ ਲਗਾਇਆ ਗਿਆ ਹੈ। ਪੁਲੀਸ ਮੁਤਾਬਕ ਐਤਵਾਰ ਸ਼ਾਮ ਨੂੰ ਸ਼ਹਿਰ ਦੇ ਡਾਊਨਟਾਊਨ ਕੋਰ ‘ਚ ਕਾਫੀ ਸ਼ਾਪ ਦੇ ਬਾਹਰ ਦੋ ਵਿਅਕਤੀਆਂ ਵਿਚਾਲੇ ਹੋਏ ਮਾਮੂਲੀ ਝਗੜੇ ਦੇ ਬਾਅਦ ਛੁਰੇਬਾਜ਼ੀ ਦੀ ਘਟਨਾ ਵਾਪਰੀ। ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵਿਸ਼ਵਾਸ ਨਹੀਂ ਹੈ ਕਿ ਪੀੜਤ ਅਤੇ ਸ਼ੱਕੀ ਇਕ-ਦੂਜੇ ਨੂੰ ਜਾਣਦੇ ਸਨ ਪਰ ਚਾਕੂ ਮਾਰਨ ਦੇ ਕਾਰਨਾਂ ਦੇ ਵੇਰਵੇ ਅਜੇ ਵੀ ਜਾਂਚ ਅਧੀਨ ਹਨ। ਪੁਲੀਸ ਨੇ ਇਕ ਬਿਆਨ ‘ਚ ਕਿਹਾ ਕਿ ਇਲਾਕੇ ‘ਚ ਗਸ਼ਤ ਕਰ ਰਿਹਾ ਇਕ ਕਾਂਸਟੇਬਲ ਚਾਕੂ ਮਾਰਨ ਦੇ ਕੁਝ ਪਲਾਂ ਬਾਅਦ ਮੌਕੇ ਪਹੁੰਚਿਆ ਅਤੇ ਸ਼ੱਕੀ ਨੂੰ ਮੌਕੇ ‘ਤੇ ਹੀ ਗ੍ਰਿਫ਼ਤਾਰ ਕਰ ਲਿਆ। ਹੋਰ ਅਧਿਕਾਰੀਆਂ ਨੇ ਪੀੜਤ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜਿਸ ਦੀ ਪਛਾਣ 37 ਸਾਲਾ ਪਾਲ ਸਟੈਨਲੀ ਸਮਿੱਟ ਵਜੋਂ ਹੋਈ ਹੈ ਪਰ ਹਸਪਤਾਲ ਲਿਜਾਣ ਤੋਂ ਬਾਅਦ ਉਸ ਦੀ ਮੌਤ ਹੋ ਗਈ। ਵੈਨਕੂਵਰ ਪੁਲੀਸ ਸਾਰਜੈਂਟ ਸਟੀਵ ਐਡੀਸਨ ਦਾ ਕਹਿਣਾ ਹੈ ਕਿ ਜਾਂਚਕਰਤਾ ਉਨ੍ਹਾਂ ਲੋਕਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜੋ ਘਟਨਾ ਦੇ ਸਮੇਂ ਮੌਕੇ ‘ਤੇ ਮੌਜੂਦ ਸਨ। ਜਿਸ ਪੰਜਾਬੀ ਨੌਜਵਾਨ ਇੰਦਰਦੀਪ ਗੋਸਲ ‘ਤੇ ਦੂਜੇ ਦਰਜੇ ਦੇ ਕਤਲ ਦੇ ਦੋਸ਼ ਲੱਗੇ ਹਨ ਉਸ ਬਾਰੇ ਹਾਲੇ ਹੋਰ ਵੇਰਵੇ ਨਹੀਂ ਮਿਲੇ ਹਨ।