ਨਿਊਯਾਰਕ ਇਲਾਕੇ ‘ਚ ਇਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ ਭਾਰਤੀ ਮੂਲ ਦੀ ਔਰਤ ਦੀ ਮੌਤ ਹੋ ਗਈ ਅਤੇ ਉਸ ਦੀ ਧੀ ਅਤੇ ਪਾਇਲਟ ਇੰਸਟ੍ਰਕਟਰ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਕ ਰੋਮਾ ਗੁਪਤਾ (63) ਅਤੇ ਉਸ ਦੀ ਧੀ ਰੀਵਾ ਗੁਪਤਾ (33) ਐਤਵਾਰ ਨੂੰ ਇਕ ਛੋਟੇ ਜਹਾਜ਼ ‘ਚ ਸਵਾਰ ਸਨ। ਜਹਾਜ਼ ਦੇ ਪਾਇਲਟ ਨੇ ਕਾਕਪਿਟ ‘ਚ ਧੂੰਏਂ ਦੀ ਸੂਚਨਾ ਦਿੱਤੀ ਅਤੇ ਇਸ ਤੋਂ ਥੋੜ੍ਹੀ ਦੇਰ ਬਾਅਦ ਹੀ ਲੌਂਗ ਆਈਲੈਂਡ ਦੇ ਘਰਾਂ ਦੇ ਨੇੜੇ ਜਹਾਜ਼ ਕਰੈਸ਼ ਹੋ ਗਿਆ। ਮੀਡੀਆ ਰਿਪੋਰਟ ‘ਚ ਦੱਸਿਆ ਗਿਆ ਕਿ ਇਸ ਹਾਦਸੇ ‘ਚ ਰੋਮਾ ਦੀ ਮੌਤ ਹੋ ਗਈ ਅਤੇ ਰੀਵਾ ਅਤੇ 23 ਸਾਲਾ ਪਾਇਲਟ ਇੰਸਟ੍ਰਕਟਰ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਡੈਨੀ ਵੇਇਜ਼ਮੈਨ ਫਲਾਈਟ ਸਕੂਲ ਦੇ ਅਟਾਰਨੀ ਓਲੇਹ ਡੇਕੈਲੋ ਨੇ ਕਿਹਾ ਕਿ ਪਾਇਲਟ ਕੋਲ ਸਾਰੇ ਲੋੜੀਂਦੇ ਪ੍ਰਮਾਣ ਪੱਤਰ ਅਤੇ ਰੇਟਿੰਗਾਂ ਸਨ ਅਤੇ ਜੋ ਜਹਾਜ਼ ਕਰੈਸ਼ ਹੋਇਆ ਸੀ, ਉਸ ਨੇ ਪਿਛਲੇ ਹਫ਼ਤੇ ਦੋ ਸਖ਼ਤ ਨਿਰੀਖਣ ਕੀਤੇ ਸਨ। ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਹਾਦਸੇ ਦੇ ਕਾਰਨਾਂ ਦਾ ਪਤਾ ਲਾਉਣ ਲਈ ਜਾਂਚ ‘ਚ ਕਰ ਰਹੀ ਹੈ।