19 ਲੋਕਾਂ ਦੀ ਮੌਤ, 14 ਜ਼ਖਮੀ
ਮੁੰਬਈ ਦੇ ਕੁਰਲਾ ਇਲਾਕੇ ’ਚ ਬੀਤੀ ਦੇਰ ਰਾਤ ਚਾਰ ਮੰਜ਼ਲਾ ਇਮਾਰਤ ਢਹਿਣ ਕਾਰਨ 19 ਵਿਅਕਤੀਆਂ ਦੀ ਮੌਤ ਹੋ ਗਈ ਅਤੇ 14 ਹੋਰ ਜ਼ਖ਼ਮੀ ਹੋ ਗਏ। ਬ੍ਰਿਹਨਮੁੰਬਈ ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਨਾਇਕ ਨਗਰ ਸੁਸਾਇਟੀ ’ਚ ਸਥਿਤ ਇਸ ਇਮਾਰਤ ਦਾ ਇਕ ਹਿੱਸਾ ਢਹਿ ਗਿਆ ਜਦਕਿ ਦੂਜਾ ਹਿੱਸਾ ਖਾਲੀ ਕਰਵਾ ਲਿਆ ਗਿਆ ਹੈ। ਇਕ ਸੀਨੀਅਰ ਅਧਿਕਾਰੀ ਅਨੁਸਾਰ ਇਸ ਰਿਹਾਇਸ਼ੀ ਇਮਾਰਤ ’ਚ ਰਹਿ ਰਹੇ ਲੋਕਾਂ ਨੂੰ ਕਈ ਵਾਰ ਇਸ ਦੀ ਖ਼ਸਤਾ ਹਾਲਤ ਬਾਰੇ ਚਿਤਾਵਨੀ ਦਿੱਤੀ ਗਈ ਸੀ ਪਰ ਫਿਰ ਵੀ ਉਹ ਇਥੇ ਰਹਿੰਦੇ ਰਹੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ ’ਤੇ ਦੁੱਖ ਪ੍ਰਗਟਾਉਂਦਿਆਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦੋ-ਦੋ ਲੱਖ ਰੁਪਏ?ਅਤੇ ਊਧਵ ਠਾਕਰੇ ਨੇ ਪੰਜ ਲੱਖ ਰੁਪਏ?ਐਕਸਗਰੇਸ਼ੀਆ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੈ। ਅਧਿਕਾਰੀ ਨੇ ਦੱਸਿਆ ਕਿ ਅੱਧੀ ਰਾਤ ਤੋਂ ਹੁਣ ਤੱਕ ਕੁੱਲ ਕਈ ਲੋਕਾਂ ਨੂੰ ਮਲਬੇ ’ਚੋਂ ਕੱਢਿਆ ਗਿਆ ਹੈ। ਇਨ੍ਹਾਂ ’ਚੋਂ 19 ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਹੈ, ਚਾਰ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਅਤੇ ਨੌਂ ਨੂੰ ਇਲਾਜ ਮਗਰੋਂ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਬੀ.ਐੱਮ.ਸੀ. ਦਾ ਅੱਗ ਬੁਝਾਊ ਅਮਲਾ ਜਦੋਂ ਮੌਕੇ ’ਤੇ ਪਹੁੰਚਿਆ ਤਾਂ ਸਥਾਨਕ ਲੋਕਾਂ ਨੇ ਦੱਸਿਆ ਕਿ ਕਰੀਬ 20-22 ਵਿਅਕਤੀ ਮਲਬੇ ਹੇਠ ਦੱਬੇ ਹੋਏ ਹਨ। ਇਸ ਮਗਰੋਂ ਫਾਇਰ ਬ੍ਰਿਗੇਡ ਦੀਆਂ 12 ਗੱਡੀਆਂ, ਦੋ ਬਚਾਅ ਵੈਨਾਂ, ਐੱਨ.ਡੀ.ਆਰ.ਐੱਫ. ਟੀਮਾਂ, ਬੀ.ਐੱਮ.ਸੀ. ਅਧਿਕਾਰੀਆਂ ਅਤੇ ਪੁਲੀਸ ਮੁਲਾਜ਼ਮਾਂ ਵੱਲੋਂ ਸਾਂਝੇ ਤੌਰ ’ਤੇ ਬਚਾਅ ਕਾਰਜ ਆਰੰਭਿਆ ਗਿਆ। ਵਧੀਕ ਮਿਊਂਸਿਪਲ ਕਮਿਸ਼ਨਰ ਅਸ਼ਵਨੀ ਭਿਡ਼ੇ ਨੇ ਦੱਸਿਆ ਕਿ ਬੀ.ਐੱਮ.ਸੀ. ਨੇ ਮੁੰਬਈ ਮਿਊਂਸਿਪਲ ਕਾਰਪੋਰੇਸ਼ਨ ਐਕਟ ਤਹਿਤ 2013 ਤੋਂ ਕਈ ਵਾਰ ਇਸ ਇਮਾਰਤ ਦੀ ਮੁਰੰਮਤ ਕਰਵਾਉਣ, ਫਿਰ ਇਸ ਨੂੰ ਖਾਲੀ ਕਰਵਾਉਣ ਅਤੇ ਢਾਹੁਣ ਦੇ ਨੋਟਿਸ ਜਾਰੀ ਕੀਤੇ ਸਨ। ਉਨ੍ਹਾਂ ਦੀਆਂ ਚਿਤਾਵਨੀਆਂ ਦੇ ਬਾਵਜੂਦ ਲੋਕ ਇਥੇ ਰਹਿੰਦੇ ਰਹੇ।