ਅਮਰੀਕਾ ਦੇ ਟੈਕਸਾਸ ‘ਚ ਚਾਰ ਭਾਰਤੀ ਮੂਲ ਦੀਆਂ ਅਮਰੀਕਨ ਔਰਤਾਂ ਦੇ ਗਰੁੱਪ ਦੀ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਪੁਲੀਸ ਨੇ ਇਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ। ਵੀਡੀਓ ‘ਚ ਕਥਿਤ ਤੌਰ ‘ਤੇ ਮੁਲਜ਼ਮ ਔਰਤ ਭਾਰਤੀ-ਅਮਰੀਕਨ ਔਰਤਾਂ ਨਾਲ ਦੁਰਵਿਵਹਾਰ ਕਰਦੀ ਨਜ਼ਰ ਆ ਰਹੀ ਹੈ ਅਤੇ ਇੰਡੀਆ ਵਾਪਸ ਜਾਣ ਲਈ ਕਹਿ ਰਹੀ ਹੈ। ਇਹ ਘਟਨਾ ਬੁੱਧਵਾਰ ਰਾਤ ਨੂੰ ਟੈਕਸਾਸ ਦੇ ਡਲਾਸ ‘ਚ ਪਾਰਕਿੰਗ ਦੀ ਹੈ। ਵੀਡੀਓ ‘ਚ ਮੁਲਜ਼ਮ ਔਰਤ ਮੈਕਸੀਕਨ-ਅਮਰੀਕਨ ਹੈ ਅਤੇ ਭਾਰਤੀ-ਅਮਰੀਕਨ ਔਰਤਾਂ ਦੇ ਸਮੂਹ ‘ਤੇ ਹਮਲਾ ਕਰਦੀ ਨਜ਼ਰ ਆ ਰਹੀ ਹੈ। ਵੀਡੀਓ ‘ਚ ਔਰਤ ਕਹਿੰਦੀ ਹੈ, ‘ਮੈਂ ਇੰਡੀਅਨ ਲੋਕਾਂ ਨਾਲ ਨਫ਼ਰਤ ਕਰਦੀ ਹਾਂ। ਇਹ ਸਾਰੇ ਭਾਰਤੀ ਅਮਰੀਕਾ ਇਸ ਲਈ ਆਉਂਦੇ ਹਨ ਕਿਉਂਕਿ ਉਹ ਬਿਹਤਰ ਜ਼ਿੰਦਗੀ ਚਾਹੁੰਦੇ ਹਨ।’ ਮੈਕਸੀਕਨ-ਅਮਰੀਕਨ ਔਰਤ ਦੀ ਪਛਾਣ ਪਲੈਨੋ ਦੀ ਐਸਮੇਰਾਲਡਾ ਅਪਟਨ ਵਜੋਂ ਹੋਈ ਹੈ। ਸੋਸ਼ਲ ਮੀਡੀਆ ‘ਤੇ ਵੀਡੀਓ ਸ਼ੇਅਰ ਕਰਨ ਵਾਲੇ ਇਕ ਵਿਅਕਤੀ ਨੇ ਲਿਖਿਆ, ‘ਇਹ ਘਟਨਾ ਟੈਕਸਾਸ ਦੇ ਡਲਾਸ ‘ਚ ਮੇਰੀ ਮਾਂ ਅਤੇ ਉਨ੍ਹਾਂ ਦੀਆਂ ਤਿੰਨ ਸਹੇਲੀਆਂ ਨਾਲ ਵਾਪਰੀ।’ ਵੀਡੀਓ ਸਾਂਝੀ ਕਰਨ ਵਾਲੇ ਵਿਅਕਤੀ ਦੀ ਮਾਂ ਨੂੰ ਵੀਡੀਓ ‘ਚ ਮੈਕਸੀਕਨ-ਅਮਰੀਕਨ ਮਹਿਲਾ ਦਾ ਵਿਰੋਧ ਕਰਦੇ ਹੋਏ ਅਤੇ ਨਸਲੀ ਗਾਲਾਂ ਨਾ ਦੇਣ ਦੀ ਬੇਨਤੀ ਕਰਦੇ ਦੇਖਿਆ ਜਾ ਸਕਦਾ ਹੈ। ਵੀਡੀਓ ‘ਚ ਦੋਸ਼ੀ ਔਰਤ ਇਹ ਵੀ ਕਹਿੰਦੀ ਨਜ਼ਰ ਆ ਰਹੀ ਹੈ, ‘ਮੈਂ ਜਿੱਥੇ ਵੀ ਜਾਂਦੀ ਹਾਂ। ਤੁਸੀਂ ਭਾਰਤੀ ਹਰ ਜਗ੍ਹਾ ਮਿਲਦੇ ਹੋ। ਜੇ ਇੰਡੀਆ ‘ਚ ਜ਼ਿੰਦਗੀ ਸਭ ਤੋਂ ਵਧੀਆ ਹੈ ਤਾਂ ਤੁਸੀਂ ਇਥੇ ਕਿਉਂ ਹੋ?’ ਇਸ ਤੋਂ ਬਾਅਦ ਉਹ ਗਾਲੀ-ਗਲੋਚ ਕਰਦੀ ਹੈ ਅਤੇ ਭਾਰਤੀ ਔਰਤਾਂ ‘ਤੇ ਹਮਲਾ ਕਰਨਾ ਸ਼ੁਰੂ ਕਰ ਦਿੰਦੀ ਹੈ। ਪਲਾਨੋ ਦੇ ਪੁਲੀਸ ਅਧਿਕਾਰੀਆਂ ਨੇ ਔਰਤ ਐਸਮੇਰਾਲਡਾ ਅਪਟਨ ਨੂੰ ਗ੍ਰਿਫ਼ਤਾਰ ਕੀਤਾ। ਉਸ ‘ਤੇ ਹਮਲਾ ਕਰਨ, ਸਰੀਰਕ ਤੌਰ ‘ਤੇ ਜ਼ਖ਼ਮੀ ਕਰਨ ਅਤੇ ਅੱਤਵਾਦੀ ਧਮਕੀਆਂ ਦੇਣ ਦੇ ਦੋਸ਼ ਲਗਾਏ ਗਏ ਹਨ। ਡੈਮੋਕ੍ਰੇਟਿਕ ਪਾਰਟੀ ਨਾਲ ਸਬੰਧਤ ਰੱਖਣ ਵਾਲੀ ਰੀਮਾ ਰਸੂਲ ਨੇ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਟਵੀਟ ਕੀਤਾ, ‘ਇਹ ਬਹੁਤ ਹੀ ਭਿਆਨਕ ਹੈ। ਉਸ ਕੋਲ ਅਸਲ ‘ਚ ਇਕ ਬੰਦੂਕ ਸੀ ਅਤੇ ਉਹ ਗੋਲੀ ਮਾਰਨਾ ਚਾਹੁੰਦੀ ਸੀ। ਇਸ ਔਰਤ ਖ਼ਿਲਾਫ਼ ਨਸਲੀ ਅਪਰਾਧ ਦਾ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ।’