ਲੋਕ ਸਭਾ ਦੇ ਡਿਪਟੀ ਸਪੀਕਰ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਚਰਨਜੀਤ ਸਿੰਘ ਅਟਵਾਲ ਨੇ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਆਪਣੇ ਅਸਤੀਫ਼ੇ ਦੀ ਕਾਪੀ ਪਾਰਟੀ ਪ੍ਰਧਾਨ ਨੂੰ ਭੇਜ ਦਿੱਤੀ ਹੈ। ਪਿਛਲੇ ਹਫਤੇ ਹੀ ਉਨ੍ਹਾਂ ਦੇ ਸਾਬਕਾ ਵਿਧਾਇਕ ਪੁੱਤਰ ਇੰਦਰ ਇਕਬਾਲ ਸਿੰਘ ਅਟਵਾਲ ਨੇ ਵੀ ਅਕਾਲੀ ਦਲ ਨੂੰ ਅਲਵਿਦਾ ਆਖ ਦਿੱਤੀ ਸੀ ਅਤੇ ਭਾਜਪਾ ‘ਚ ਸ਼ਾਮਲ ਹੋ ਗਏ ਸਨ। ਭਾਜਪਾ ਨੇ ਉਨ੍ਹਾਂ ਨੂੰ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਉਮੀਦਵਾਰ ਐਲਾਨਿਆ ਹੈ ਅਤੇ ਉਨ੍ਹਾਂ ਬੀਤੇ ਕੱਲ੍ਹ ਹੀ ਨਾਮਜ਼ਦਗੀ ਕਾਗਜ਼ ਭਰੇ ਹਨ। ਹਫਤੇ ਤੋਂ ਹੀ ਇਹ ਸਵਾਲ ਕੀਤਾ ਜਾ ਰਿਹਾ ਸੀ ਕਿ ਕੀ ਚਰਨਜੀਤ ਸਿੰਘ ਅਟਵਾਲ ਆਪਣੇ ਪੁੱਤ ਲਈ ਚੋਣ ਪ੍ਰਚਾਰ ਕਰਨਗੇ ਜੋ ਖੁਦ ਇਸ ਲੋਕ ਸਭਾ ਹਲਕੇ ਦੀ ਨੁਮਾਇੰਦਗੀ ਕਰ ਚੁੱਕੇ ਹਨ ਅਤੇ ਚੰਗਾ ਆਧਾਰ ਵੀ ਹਲਕੇ ਅੰਦਰ ਰੱਖਦੇ ਹਨ। ਯਾਦ ਰਹੇ ਕਿ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਦੋ ਵਾਰ ਮੈਂਬਰ ਪਾਰਲੀਮੈਂਟ ਅਤੇ ਤਿੰਨ ਵਾਰ ਵਿਧਾਇਕ ਰਹੇ। ਉਹ ਪੰਜਾਬ ਸਰਕਾਰ ‘ਚ ਮੰਤਰੀ ਵੀ ਰਹੇ ਹਨ। ਉਨ੍ਹਾਂ ਦੇ ਅਸਤੀਫੇ ਨਾਲ ਅਕਾਲੀ ਦਲ ਨੂੰ ਲਾਜ਼ਮੀ ਝਟਕਾ ਲੱਗਾ ਹੈ ਕਿਉਂਕਿ ਉਹ ਬਹੁਤ ਹੀ ਸੀਨੀਅਰ ਸਿਆਸਤਦਾਨ ਹਨ।