ਪੱਟੀ ਨੇੜੇ ਇਕ ਚਰਚ ‘ਤੇ ਹਮਲਾ ਕਰਕੇ ਭੰਨ ਤੋੜ ਕਰਨ ਦੀ ਘਟਨਾ ਦੀ ਪੁਲੀਸ ਕਈ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਪੰਜਾਬ ਪੁਲੀਸ ਦੇ ਮੁਖੀ ਗੌਰਵ ਯਾਦਵ ਨੇ ਇਹ ਜਾਣਕਾਰੀ ਦਿੱਤੀ। ਦੂਜੇ ਪਾਸੇ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਤੇ ਹੋਰ ਸੀਨੀਅਰ ਕਾਂਗਰਸੀ ਆਗੂਆਂ ਨੂੰ ਇਸ ਘਟਨਾ ਨੂੰ ਡੂੰਘੀ ਸਾਜਿਸ਼ ਦਾ ਹਿੱਸਾ ਕਰਾਰ ਦਿੱਤਾ ਹੈ। ਬਾਜਵਾ, ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਪੱਟੀ ਦੇ ਪਿੰਡ ਠੱਕਰਪੁਰਾ ਦੇ ਗਿਰਜਾਘਰ ਪਹੁੰਚੇ, ਜਿੱਥੇ ਬੀਤੇ ਮੰਗਲਵਾਰ ਦੀ ਰਾਤ ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਧਾਰਮਿਕ ਮੂਰਤੀਆਂ ਦੀ ਭੰਨ੍ਹ-ਤੋੜ ਕਰਕੇ ਇਕ ਕਾਰ ਨੂੰ ਅੱਗ ਲਾ ਦਿੱਤੀ ਸੀ। ਕਾਂਗਰਸੀ ਆਗੂਆਂ ਨੇ ਗਿਰਜਾਘਰ ਪ੍ਰਬੰਧਕਾਂ ਨਾਲ ਮੀਟਿੰਗ ਕੀਤੀ ਤੇ ਇਸਾਈ ਭਾਈਚਾਰੇ ਨੂੰ ਇਨਸਾਫ਼ ਦਿਵਾਉਣ ਲਈ ਸਮੁੱਚੀ ਕਾਂਗਰਸੀ ਪਾਰਟੀ ਵੱਲੋਂ ਮਦਦ ਕਰਨ ਦਾ ਭਰੋਸਾ ਦਿੱਤਾ। ਬਾਜਵਾ ਨੇ ਆਖਿਆ ਕਿ ਪੰਜਾਬ ਦੀ ਭਾਈਚਾਰਕ ਸਾਂਝ ‘ਚ ਪਾੜ ਪਾਉਣ ਲਈ ਦੇਸ਼ ਤੋਂ ਬਾਹਰੀ ਤਾਕਤਾਂ ਲਗਾਤਾਰ ਯਤਨਸ਼ੀਲ ਹਨ। ਉਨ੍ਹਾਂ ਮੰਗ ਕੀਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਦੇ ਡੀ.ਜੀ.ਪੀ. ਖ਼ੁਦ ਪੱਟੀ ਦੇ ਗਿਰਜਾਘਰ ‘ਚ ਵਾਪਰੀ ਘਟਨਾ ਦਾ ਜਾਇਜ਼ਾ ਲੈਣ। ਉਨ੍ਹਾਂ ਕਿਹਾ ਕਿ ਅਜਿਹੀਆਂ ਹੀ ਘਟਨਾਵਾਂ ਕਈ ਹੋਰ ਗਿਰਜਾਘਰਾਂ ‘ਚ ਵੀ ਵਾਪਰੀਆਂ ਹਨ ਤੇ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਵਜੋਂ ਉਹ ਆਪਣੇ ਪੱਧਰ ‘ਤੇ ਪਿੰਡ ਠੱਕਰਪੁਰਾ ਦੇ ਗਿਰਜਾਘਰ ‘ਚ ਵਾਪਰੀ ਘਟਨਾ ਸਬੰਧੀ ਡੀ.ਜੀ.ਪੀ. ਪੰਜਾਬ ਨਾਲ ਗੱਲਬਾਤ ਕਰਨਗੇ। ਉਨ੍ਹਾਂ ਕਿਹਾ ਕਿ ਸਰਕਾਰ ਇਸ ਘਟਨਾ ਨੂੰ ਛੋਟੀ ਨਾ ਸਮਝੇ ਤੇ ਆਈ.ਜੀ. ਪੱਧਰ ਦੇ ਅਧਿਕਾਰੀਆਂ ਦੀ ‘ਸਿਟ’ ਬਣਾ ਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰੇ। ਇਸੇ ਦੌਰਾਨ ਸੂਬੇ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਪੰਜਾਬ ਸਰਕਾਰ ਵੱਲੋਂ ਕਿਹਾ ਹੈ ਕਿ ਪੁਲੀਸ ਵੱਲੋਂ ਇਸ ਮਾਮਲੇ ਦੀ ਕੀਤੀ ਜਾ ਰਹੀ ਜਾਂਚ ਦੌਰਾਨ ਕਈ ਪੱਖਾਂ ਨੂੰ ਵਿਚਾਰਿਆਂ ਜਾ ਰਿਹਾ ਹੈ। ਵੈਸੇ ਹਾਲੇ ਤੱਕ ਇਸ ਜਾਂਚ ਦੇ ਆਧਾਰ ‘ਤੇ ਪੁਲੀਸ ਕਿਸੇ ਸਿੱਟੇ ‘ਤੇ ਨਹੀਂ ਪਹੁੰਚ ਸਕੀ ਹੈ। ਇਸ ਸਬੰਧੀ ਐੱਸ.ਐੱਸ.ਪੀ. ਤਰਨ ਤਾਰਨ ਰਣਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਹਾਲੇ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਇਸ ਸਬੰਧੀ ਥਾਣਾ ਪੱਟੀ ਸਦਰ ਦੀ ਪੁਲੀਸ ਨੇ 31 ਅਗਸਤ ਨੂੰ ਚਾਰ ਨਕਾਬਪੋਸ਼ਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਚਰਚ ਦੇ ਪ੍ਰਬੰਧਕਾਂ ਅਨੁਸਾਰ ਭੰਨ੍ਹ-ਤੋੜ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੇ ਖ਼ੁਦ ਨੂੰ ‘ਖਾਲਿਸਤਾਨੀ’ ਦੱਸਿਆ ਸੀ।