ਉੱਘੇ ਫਿਲਮ ਨਿਰਦੇਸ਼ਕ ਇਮਤਿਆਜ਼ ਅਲੀ ਵੱਲੋਂ ਰਿਲਾਇੰਸ ਐਂਟਰਟੇਨਮੈਂਟ ਨਾਲ ਮਿਲ ਕੇ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਦੀ ਬਣਾਈ ਜਾ ਰਹੀ ਬਾਇਓਪਿਕ ਦਾ ਮਾਮਲਾ ਲੁਧਿਆਣਾ ਦੀ ਅਦਾਲਤ ‘ਚ ਪਹੁੰਚ ਗਿਆ ਹੈ। ਇਸ ਫਿਲਮ ‘ਚ ਅਦਾਕਾਰ ਦਿਲਜੀਤ ਦੋਸਾਂਝ ਵੱਲੋਂ ਅਮਰ ਸਿੰਘ ਚਮਕੀਲਾ ਦਾ ਰੋਲ ਨਿਭਾਇਆ ਜਾ ਰਿਹਾ ਹੈ ਜਦਕਿ ਅਦਾਕਾਰਾ ਪਰਿਣੀਤੀ ਚੋਪੜਾ ਵੀ ਮੁੱਖ ਭੂਮਿਕਾ ‘ਚ ਹੈ। ਅਮਰ ਸਿੰਘ ਚਮਕੀਲਾ ਦੀ ਪਤਨੀ ਗੁਰਮੇਲ ਕੌਰ ਦੀ ਸਹਿਮਤੀ ਨਾਲ ਅਮਰ ਸਿੰਘ ਚਮਕੀਲਾ ਅਤੇ ਬੀਬੀ ਅਮਰਜੋਤ ਕੌਰ ‘ਤੇ ਬਣਾਈ ਜਾ ਰਹੀ ਬਾਇਓਪਿਕ ਦੇ ਪ੍ਰਸਾਰਣ, ਰਿਲੀਜ਼ਿੰਗ, ਅਪਲੋਡ, ਸਟਰੀਮਿੰਗ ‘ਤੇ ਰੋਕ ਲਾਉਣ ਲਈ ਅਦਾਲਤ ਤੱਕ ਪਹੁੰਚ ਕੀਤੀ ਗਈ ਹੈ ਅਤੇ ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 28 ਮਾਰਚ ਨੂੰ ਹੋਵੇਗੀ। ਸਿਵਲ ਜੱਜ ਹਰਸਿਮਰਨਜੀਤ ਸਿੰਘ ਦੀ ਅਦਾਲਤ ਨੇ ਮਰਹੂਮ ਨਿਰਮਾਤਾ ਗੁਰਦੇਵ ਸਿੰਘ ਰੰਧਾਵਾ ਦੇ ਬੇਟੇ ਇਸ਼ਜੀਤ ਰੰਧਾਵਾ ਅਤੇ ਸੰਜੋਤ ਰੰਧਾਵਾ ਦੀ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਉਕਤ ਹੁਕਮ ਜਾਰੀ ਕੀਤੇ। ਅਪੀਲ ‘ਚ ਦਲੀਲ ਦਿੱਤੀ ਗਈ ਹੈ ਕਿ ਅਮਰ ਸਿੰਘ ਚਮਕੀਲਾ ਦੀ ਵਿਧਵਾ ਨੇ 12 ਅਕਤੂਬਰ 2012 ਨੂੰ ਲਿਖਤੀ ਰੂਪ ‘ਚ ਉਨ੍ਹਾਂ ਦੇ ਪਿਤਾ ਨੂੰ ਆਪਣੇ ਪਤੀ ਦੀ ਬਾਇਓਪਿਕ ਬਣਾਉਣ ਦਾ ਅਧਿਕਾਰ ਦਿੱਤਾ ਸੀ। ਉਕਤ ਉਦੇਸ਼ ਲਈ ਉਹ 5 ਲੱਖ ਰੁਪਏ ਵੀ ਲੈ ਚੁੱਕੀ ਹੈ ਅਤੇ ਲਿਖਤੀ ਇਕਰਾਰਨਾਮੇ ਲਈ ਪਾਬੰਦ ਰਹਿਣ ਦਾ ਵਚਨ ਦਿੱਤਾ ਸੀ। ਬਾਇਓਪਿਕ ਬਣਾਉਣ ਲਈ ਕੋਈ ਸਮਾਂ ਸੀਮਾ ਤੈਅ ਨਹੀਂ ਕੀਤੀ ਗਈ ਸੀ। ਉਨ੍ਹਾਂ ਮੁਤਾਬਕ 3 ਨਵੰਬਰ 2022 ਨੂੰ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ। ਪਟੀਸ਼ਨਰ ਨੇ ਜਦੋਂ ਉਕਤ ਬਾਇਓਪਿਕ ਬਣਾਉਣ ਦਾ ਪ੍ਰਬੰਧ ਕਰਨਾ ਸ਼ੁਰੂ ਕੀਤਾ ਅਤੇ ਗੁਰਮੇਲ ਕੌਰ ਨਾਲ ਸੰਪਰਕ ਕੀਤਾ ਤਾਂ ਉਹ ਕਿਸੇ ਨਾ ਕਿਸੇ ਬਹਾਨੇ ਮਾਮਲੇ ਨੂੰ ਲਟਕਾਉਣ ਲੱਗੀ। ਉਸ ਨੂੰ ਬਾਅਦ ‘ਚ ਪਤਾ ਲੱਗਾ ਕਿ ਮੁਲਜ਼ਮ ਅਮਰ ਸਿੰਘ ਚਮਕੀਲਾ ਅਤੇ ਬੀਬੀ ਅਮਰਜੋਤ ਕੌਰ ਦੀ ਜੀਵਨੀ ‘ਤੇ ਫਿਲਮ ਬਣਾਉਣ ਲਈ ਇਕ-ਦੂਜੇ ਨਾਲ ਮਿਲੀਭੁਗਤ ਕਰ ਰਹੇ ਸਨ। ਪਟੀਸ਼ਨਕਰਤਾ ਨੇ ਕਿਹਾ ਕਿ ਜੇਕਰ ਇਹ ਸਾਰੇ ਵਿਅਕਤੀ ਆਪਣੇ ਮਕਸਦ ‘ਚ ਕਾਮਯਾਬ ਹੋ ਜਾਂਦੇ ਹਨ ਤਾਂ ਇਸ ਨਾਲ ਉਨ੍ਹਾਂ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਨੁਕਸਾਨ ਹੋਵੇਗਾ। ਅਦਾਲਤ ਨੇ 28 ਮਾਰਚ ਤੱਕ ਸੁਣਵਾਈ ਨੂੰ ਮੁਲਤਵੀ ਕਰਦਿਆਂ ਉਕਤ ਸਾਰਿਆਂ ਨੂੰ ਅਦਾਲਤ ‘ਚ ਤਲਬ ਕੀਤਾ ਹੈ।