ਚੀਨ ਦੀ ਇਕ ਅਦਾਲਤ ਨੇ ਚੀਨੀ-ਕੈਨੇਡੀਅਨ ਪੌਪ ਸਟਾਰ ਕ੍ਰਿਸ ਵੂ ਨੂੰ ਬਲਾਤਕਾਰ ਸਮੇਤ ਹੋਰ ਦੋਸ਼ਾਂ ‘ਚ ਦੋਸ਼ੀ ਮੰਨਦਿਆਂ 13 ਸਾਲ ਦੀ ਸਜ਼ਾ ਸੁਣਾਈ ਹੈ। ਬੀਜਿੰਗ ਦੀ ਚਾਓਯਾਂਗ ਜ਼ਿਲ੍ਹਾ ਅਦਾਲਤ ਨੇ ਕਿਹਾ ਕਿ ਕ੍ਰਿਸ ਵੂ ਨੂੰ 2020 ਦੇ ਬਲਾਤਕਾਰ ਦੇ ਇਕ ਮਾਮਲੇ ‘ਚ 11 ਸਾਲ ਅਤੇ 6 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਜਦੋਂ ਕਿ ‘ਜਿਨਸੀ ਅਸ਼ਲੀਲਤਾ ‘ਚ ਸ਼ਾਮਲ ਹੋਣ ਲਈ ਭੀੜ ਨੂੰ ਇਕੱਠਾ ਕਰਨ ਦੇ ਜੁਰਮ’ ਲਈ 1 ਸਾਲ ਅਤੇ 10 ਮਹੀਨਿਆਂ ਦੀ ਸਜ਼ਾ ਸੁਣਾਈ ਗਈ ਹੈ। ਇਹ ਮਾਮਲਾ 2018 ਦਾ ਹੈ ਜਿਸ ‘ਚ ਕ੍ਰਿਸ ਅਤੇ ਹੋਰ ਲੋਕਾਂ ਨੇ ਕਥਿਤ ਤੌਰ ‘ਤੇ 2 ਔਰਤਾਂ ਦਾ ਜਿਨਸੀ ਸ਼ੋਸ਼ਣ ਕੀਤਾ ਸੀ। ਅਦਾਲਤ ਨੇ ਕਿਹਾ ਕਿ ਬਲਾਤਕਾਰ ਦੇ ਮਾਮਲੇ ‘ਚ ਤਿੰਨ ਪੀੜਤਾਂ ਨੇ ਵੀ ਸ਼ਰਾਬ ਪੀਤੀ ਹੋਈ ਸੀ ਅਤੇ ਵਿਰੋਧ ਕਰਨ ‘ਚ ਅਸਮਰੱਥ ਸਨ। ਇਸ ‘ਚ ਅੱਗੇ ਕਿਹਾ ਗਿਆ ਹੈ ਕਿ 13 ਸਾਲ ਦੀ ਸੰਯੁਕਤ ਸਜ਼ਾ ‘ਤੇ ਸਹਿਮਤੀ ਬਣੀ ਹੈ ਅਤੇ ਕ੍ਰਿਸ ਵੂ ਨੂੰ ਜੇਲ੍ਹ ‘ਚ ਸਜ਼ਾ ਪੂਰੀ ਕਰਨ ਤੋਂ ਤੁਰੰਤ ਬਾਅਦ ਦੇਸ਼ ਨਿਕਾਲਾ ਦਿੱਤਾ ਜਾਵੇਗਾ। ਅਦਾਲਤ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ, ‘ਤੱਥਾਂ, ਅਪਰਾਧ ਦੀ ਪ੍ਰਕਿਰਤੀ, ਹਾਲਾਤ ਅਤੇ ਨੁਕਸਾਨਦੇਹ ਨਤੀਜਿਆਂ ਦੇ ਮੱਦੇਨਜ਼ਰ ਅਦਾਲਤ ਨੇ ਉਪਰੋਕਤ ਫ਼ੈਸਲਾ ਦਿੱਤਾ ਹੈ।’ ਸਜ਼ਾ ਸੁਣਨ ਲਈ ਇਕ ਕੈਨੇਡੀਅਨ ਡਿਪਲੋਮੈਟ ਅਦਾਲਤ ‘ਚ ਮੌਜੂਦ ਸੀ।