ਚੀਨ ਨੇ ਚੀਨੀ ਮੂਲ ਦੇ ਕੈਨੇਡੀਅਨ ਨੂੰ 13 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਹਾਂਗਕਾਂਗ ਤੋਂ 2017 ‘ਚ ਲਾਪਤਾ ਹੋਏ ਚੀਨੀ ਮੂਲ ਦੇ ਕੈਨੇਡੀਅਨ ਟਾਈਕੂਨ ਮਤਲਬ ਕਾਰੋਬਾਰੀ ਨੂੰ ਅਰਬਾਂ ਡਾਲਰ ਦੇ ਵਿੱਤੀ ਅਪਰਾਧਾਂ ਲਈ ਸ਼ੁੱਕਰਵਾਰ ਨੂੰ 13 ਸਾਲ ਦੀ ਸਜ਼ਾ ਸੁਣਾਈ ਗਈ ਅਤੇ ਉਸ ਦੀ ਕੰਪਨੀ ‘ਤੇ 8.1 ਬਿਲੀਅਨ ਡਾਲਰ ਦਾ ਜੁਰਮਾਨਾ ਲਗਾਇਆ ਗਿਆ। ਸ਼ੰਘਾਈ ਨੰਬਰ 1 ਇੰਟਰਮੀਡੀਏਟ ਪੀਪਲਜ਼ ਕੋਰਟ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਕਿਹਾ ਕਿ ਜ਼ਿਆਓ ਜਿਆਨਹੁਆ ਨੂੰ ਉਸ ਦੇ ਟੂਮੋਰੋ ਗਰੁੱਪ ਦੁਆਰਾ ਨਿਯੰਤਰਿਤ ਬੈਂਕਾਂ ਅਤੇ ਬੀਮਾ ਕੰਪਨੀਆਂ ਤੋਂ ਅਰਬਾਂ ਡਾਲਰ ਦੀ ਜਮ੍ਹਾ ਰਾਸ਼ੀ ਦੀ ਦੁਰਵਰਤੋਂ ਕਰਨ ਅਤੇ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਦਾ ਦੋਸ਼ੀ ਠਹਿਰਾਇਆ ਗਿਆ ਸੀ। ਅਦਾਲਤ ਨੇ ਕਿਹਾ ਕਿ ਜ਼ਿਆਓ ‘ਤੇ 6.5 ਮਿਲੀਅਨ ਯੂਆਨ (950,000 ਡਾਲਰ) ਦਾ ਅਤੇ ਉਸਦੀ ਕੰਪਨੀ ‘ਤੇ 55 ਬਿਲੀਅਨ ਯੂਆਨ (8.1 ਬਿਲੀਅਨ ਡਾਲਰ) ਦਾ ਜੁਰਮਾਨਾ ਲਗਾਇਆ ਗਿਆ। ਜ਼ਿਆਓ ਨੂੰ ਆਖਰੀ ਵਾਰ ਜਨਵਰੀ 2017 ਵਿੱਚ ਹਾਂਗਕਾਂਗ ਦੇ ਇਕ ਹੋਟਲ ‘ਚ ਦੇਖਿਆ ਗਿਆ ਸੀ ਅਤੇ ਮੰਨਿਆ ਜਾਂਦਾ ਹੈ ਕਿ ਚੀਨੀ ਅਧਿਕਾਰੀਆਂ ਦੁਆਰਾ ਉਸਨੂੰ ਮੁੱਖ ਭੂਮੀ ‘ਤੇ ਲਿਜਾਇਆ ਗਿਆ ਸੀ। ਖ਼ਬਰਾਂ ਨੇ ਬਾਅਦ ‘ਚ ਕਿਹਾ ਕਿ ਉਹ ਭ੍ਰਿਸ਼ਟਾਚਾਰ ਵਿਰੋਧੀ ਅਧਿਕਾਰੀਆਂ ਦੁਆਰਾ ਜਾਂਚ ਦੇ ਅਧੀਨ ਸੀ ਪਰ ਕੋਈ ਵੇਰਵੇ ਜਾਰੀ ਨਹੀਂ ਕੀਤੇ ਗਏ ਸਨ। ਕੈਨੇਡੀਅਨ ਸਰਕਾਰ ਨੇ ਕਿਹਾ ਕਿ ਡਿਪਲੋਮੈਟਾਂ ਨੂੰ 5 ਜੁਲਾਈ ਦੇ ਮੁਕੱਦਮੇ ‘ਚ ਸ਼ਾਮਲ ਹੋਣ ਤੋਂ ਰੋਕ ਦਿੱਤਾ ਗਿਆ ਸੀ। ਟੂਮੋਰੋ ਗਰੁੱਪ ਨੂੰ ਰੈਗੂਲੇਟਰਾਂ ਦੁਆਰਾ ਭ੍ਰਿਸ਼ਟਾਚਾਰ ਵਿਰੋਧੀ ਮੁਕੱਦਮਿਆਂ ਅਤੇ ਵਿੱਤੀ ਕੰਪਨੀਆਂ ਨੂੰ ਜ਼ਬਤ ਕਰਨ ਦੀ ਇਕ ਲੜੀ ਨਾਲ ਜੋੜਿਆ ਗਿਆ ਹੈ।