ਕੈਨੇਡਾ ਅਤੇ ਆਸਟਰੇਲੀਆ ਨੇ ‘ਤੇਜ਼ੀ ਨਾਲ ਵੱਧ ਰਹੇ ਕੋਵਿਡ-19 ਦੇ ਮਾਮਲਿਆਂ’ ਵਿਚਕਾਰ ਚੀਨ ਤੋਂ ਆਉਣ ਵਾਲੇ ਯਾਤਰੀਆਂ ਲਈ ਲਾਜ਼ਮੀ ਕੋਵਿਡ ਟੈਸਟਿੰਗ ਦਾ ਐਲਾਨ ਕੀਤਾ ਹੈ। ਚੀਨ, ਹਾਂਗਕਾਂਗ ਅਤੇ ਮਕਾਊ ਤੋਂ ਆਉਣ ਵਾਲੇ ਯਾਤਰੀਆਂ ਨੂੰ ਕੈਨੇਡਾ ਲਈ ਫਲਾਈਟ ‘ਚ ਸਵਾਰ ਹੋਣ ਤੋਂ ਪਹਿਲਾਂ ਦੋ ਦਿਨ ਤੋਂ ਵੱਧ ਪੁਰਾਣੀ ਕੋਵਿਡ ਟੈਸਟ ਰਿਪੋਰਟ ਪੇਸ਼ ਕਰਨੀ ਪਵੇਗੀ। ਯਾਤਰੀਆਂ ਨੂੰ ਇਸ ਰਿਪੋਰਟ ਤੋਂ ਬਾਅਦ ਹੀ ਜਹਾਜ਼ ‘ਤੇ ਚੜ੍ਹਨ ਦੀ ਇਜਾਜ਼ਤ ਦਿੱਤੀ ਜਾਵੇਗੀ ਕਿ ਉਹ ਕਰੋਨਾ ਵਾਇਰਸ ਨਾਲ ਸੰਕਰਮਿਤ ਨਹੀਂ ਹਨ। ਇਕ ਸਰਕਾਰੀ ਬਿਆਨ ਦੇ ਅਨੁਸਾਰ ਚੀਨ, ਹਾਂਗਕਾਂਗ ਅਤੇ ਮਕਾਊ ਤੋਂ ਆਉਣ ਵਾਲੇ ਦੋ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਯਾਤਰੀਆਂ ਲਈ 5 ਜਨਵਰੀ ਤੋਂ ਰਵਾਨਗੀ ਤੋਂ ਪਹਿਲਾਂ ਕੋਵਿਡ ਟੈਸਟ ਦੀ ਨਕਾਰਾਤਮਕ ਰਿਪੋਰਟ ਪੇਸ਼ ਕਰਨਾ ਲਾਜ਼ਮੀ ਹੋਵੇਗਾ। ਬਿਆਨ ‘ਚ ਕਿਹਾ ਗਿਆ ਕਿ, ‘ਇਹ ਪ੍ਰਸਤਾਵਿਤ ਸਿਹਤ ਉਪਾਅ ਰਾਸ਼ਟਰੀਅਤਾ ਅਤੇ ਟੀਕਾਕਰਣ ਸਥਿਤੀ ਦੀ ਪ੍ਰਵਾਹ ਕੀਤੇ ਬਿਨਾਂ ਸਾਰੇ ਹਵਾਈ ਯਾਤਰੀਆਂ ‘ਤੇ ਲਾਗੂ ਹੋਣਗੇ।’ ਸਬੰਧਤ ਉਪਾਅ ਅਸਥਾਈ ਹਨ, ਜੋ 30 ਦਿਨਾਂ ਲਈ ਪ੍ਰਭਾਵੀ ਰਹਿਣਗੇ। ਜਦੋਂ ਵਧੇਰੇ ਅੰਕੜੇ ਅਤੇ ਸਬੂਤ ਉਪਲਬਧ ਹੋਣਗੇ ਤਾਂ ਇਨ੍ਹਾਂ ਉਪਾਵਾਂ ‘ਤੇ ਮੁੜ ਵਿਚਾਰ ਕੀਤਾ ਜਾਵੇਗਾ। ਬਿਆਨ ‘ਚ ਕੈਨੇਡਾ ਸਰਕਾਰ ਨੇ ਕਿਹਾ ਕਿ ਉਸਨੇ ਚੀਨ ‘ਚ ਕੋਵਿਡ-19 ਦੇ ਨਵੇਂ ਮਾਮਲਿਆਂ ‘ਚ ਮਹੱਤਵਪੂਰਨ ਵਾਧੇ ਅਤੇ ਇਨ੍ਹਾਂ ਮਾਮਲਿਆਂ ਦੇ ਸਬੰਧ ‘ਚ ਮਹਾਮਾਰੀ ਵਿਗਿਆਨ ਅਤੇ ਜੀਨੋਮ ਸੀਕਵੈਂਸਿੰਗ ਡੇਟਾ ਦੀ ਸੀਮਤ ਉਪਲਬਧਤਾ ਦੇ ਜਵਾਬ ‘ਚ ਨਵੇਂ ਟੈਸਟਿੰਗ ਉਪਾਅ ਲਾਗੂ ਕੀਤੇ ਹਨ। ਸਰਕਾਰ ਦੇ ਅਨੁਸਾਰ ਕੈਨੇਡਾ ਲਈ ਫਲਾਈਟ ‘ਚ ਸਵਾਰ ਹੋਣ ਤੋਂ ਪਹਿਲਾਂ, ਯਾਤਰੀਆਂ ਨੂੰ ਏਅਰਲਾਈਨ ਨੂੰ ਇਕ ਨਕਾਰਾਤਮਕ ਕੋਵਿਡ ਟੈਸਟ ਰਿਪੋਰਟ ਦਿਖਾਉਣੀ ਪਵੇਗੀ, ਜੋ ਰਵਾਨਗੀ ਤੋਂ ਪਹਿਲਾਂ ਦੋ ਦਿਨਾਂ ਤੋਂ ਵੱਧ ਪੁਰਾਣੀ ਨਹੀਂ ਹੋਣੀ ਚਾਹੀਦੀ। ਯਾਤਰੀ ਆਰ.ਟੀ-ਪੀ.ਸੀ.ਆਰ. ਜਾਂ ਐਂਟੀਜੇਨ ਟੈਸਟ ਦੀਆਂ ਰਿਪੋਰਟਾਂ ਜਮ੍ਹਾਂ ਕਰ ਸਕਦੇ ਹਨ। ਆਸਟਰੇਲੀਆ ਨੇ ਵੀ ਚੀਨ ਤੋਂ ਆਉਣ ਵਾਲੇ ਯਾਤਰੀਆਂ ਲਈ ਲਾਜ਼ਮੀ ਕੋਵਿਡ ਟੈਸਟਿੰਗ ਦਾ ਐਲਾਨ ਕੀਤਾ ਹੈ। ਆਸਟਰੇਲੀਆ ਦੇ ਸਿਹਤ ਮੰਤਰੀ ਮਾਰਕ ਬਟਲਰ ਨੇ ਕਿਹਾ ਕਿ ਦੇਸ਼ ਨੇ ‘ਚੀਨ ਦੀ ਸਥਿਤੀ ਬਾਰੇ ਵਿਆਪਕ ਜਾਣਕਾਰੀ ਦੀ ਅਣਹੋਂਦ’ ਦੇ ਵਿਚਕਾਰ ਉਪਾਅ ਪੇਸ਼ ਕਰਨ ਲਈ ਏਸ਼ੀਆ, ਉੱਤਰੀ ਅਮਰੀਕਾ ਅਤੇ ਯੂਰਪ ਦੇ ਦੇਸ਼ਾਂ ਦੀ ਸਥਿਤੀ ਦੀ ਪਾਲਣਾ ਕਰਨ ਦਾ ਫ਼ੈਸਲਾ ਕੀਤਾ ਹੈ। ਰਿਪੋਰਟ ‘ਚ ਕਿਹਾ ਗਿਆ ਕਿ ਚੀਨ ਤੋਂ ਯਾਤਰਾ ਕਰਨ ਵਾਲਿਆਂ ਲਈ ਲਾਜ਼ਮੀ ਪ੍ਰੀ-ਡਿਪਾਰਚਰ ਕੋਵਿਡ ਟੈਸਟਿੰਗ 5 ਜਨਵਰੀ ਤੋਂ ਸ਼ੁਰੂ ਹੋਵੇਗੀ। ਇਹ ਫ਼ੈਸਲਾ ਉਦੋਂ ਲਿਆ ਗਿਆ ਹੈ ਜਦੋਂ ਇੰਡੀਆ, ਅਮਰੀਕਾ, ਫਰਾਂਸ, ਯੂ.ਕੇ. ਸਮੇਤ ਕਈ ਦੇਸ਼ਾਂ ਨੇ ਚੀਨ ਤੋਂ ਆਉਣ ਵਾਲੇ ਯਾਤਰੀਆਂ ਲਈ ਕੋਵਿਡ ਟੈਸਟ ਲਾਜ਼ਮੀ ਕਰ ਦਿੱਤਾ ਹੈ।