ਅਮਰੀਕਾ ‘ਚ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਿਵੇਕ ਰਾਮਾਸਵਾਮੀ ਨੇ ਕਿਹਾ ਕਿ ਤਿੰਨ ਧਰਮ ਨਿਰਪੱਖ ਮੁੱਦਿਆਂ- ਨਸਲ, ਲਿੰਗ ਅਤੇ ਜਲਵਾਯੂ ਨੇ ਅਮਰੀਕਾ ਨੂੰ ਖਤਰੇ ‘ਚ ਪਾ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਉਹ 2024 ‘ਚ ਦੇਸ਼ ਦੇ ਰਾਸ਼ਟਰਪਤੀ ਬਣਦੇ ਹਨ ਤਾਂ ਉਹ ਅਮਰੀਕਨ ਕੰਪਨੀਆਂ ਨੂੰ ਚੀਨ ਨਾਲ ਵਪਾਰ ਕਰਨ ‘ਤੇ ਪਾਬੰਦੀ ਲਗਾ ਦੇਣਗੇ ਅਤੇ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐਫ.ਬੀ.ਆਈ.) ਨੂੰ ਖ਼ਤਮ ਕਰ ਦੇਣਗੇ। ਸੀ.ਪੀ.ਏ.ਸੀ. ਦੇ ਰਾਸ਼ਟਰੀ ਪਲੇਟਫਾਰਮ ਤੋਂ ਆਪਣੇ ਪਹਿਲੇ ਪ੍ਰਮੁੱਖ ਸੰਬੋਧਨ ‘ਚ ਰਾਮਾਸਵਾਮੀ ਨੇ ਕਿਹਾ ਕਿ ਉਹ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ (76) ਅਤੇ ਅਮਰੀਕਾ ਫਸਟ ਦੇ ਉਨ੍ਹਾਂ ਦੇ ਵਿਜ਼ਨ ਤੋਂ ਪ੍ਰੇਰਿਤ ਹਨ। ਰਾਮਾਸਵਾਮੀ ਨੇ ਕਿਹਾ ਕਿ ਉਸ ਦਾ ਏਜੰਡਾ ‘ਅਮਰੀਕਾ ਫਸਟ’ ਹੈ। ਉਨ੍ਹਾਂ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿ ਇਨ੍ਹਾਂ ਮੁੱਦਿਆਂ ਦੀ ਪਛਾਣ ਕਰਕੇ ਇਨ੍ਹਾਂ ‘ਤੇ ਜ਼ੋਰਦਾਰ ਢੰਗ ਨਾਲ ਕੰਮ ਕੀਤਾ ਜਾਵੇ। 37 ਸਾਲਾ ਰਾਮਾਸਵਾਮੀ ਨੇ ਰਿਪਬਲਿਕਨ ਪਾਰਟੀ ਦੇ ਚੋਟੀ ਦੇ ਸਾਲਾਨਾ ਪ੍ਰੋਗਰਾਮ ‘ਕੰਜ਼ਰਵੇਟਿਵ ਪੋਲੀਟਿਕਲ ਐਕਸ਼ਨ ਕਾਨਫਰੰਸ’ ਵਿੱਚ ਆਪਣੇ ਸੰਬੋਧਨ ‘ਚ ਕਿਹਾ ਕਿ ‘ਅੱਜ ਦੀ ਆਜ਼ਾਦੀ ਦਾ ਐਲਾਨ ਚੀਨ ਤੋਂ ਸਾਡੀ ਆਜ਼ਾਦੀ ਦਾ ਐਲਾਨ ਹੈ। ਜੇਕਰ ਥਾਮਸ ਜੇਫਰਸਨ ਅੱਜ ਜ਼ਿੰਦਾ ਹੁੰਦਾ ਤਾਂ ਉਹ ਆਜ਼ਾਦੀ ਦੇ ਇਸ ਐਲਾਨਨਾਮੇ ‘ਤੇ ਦਸਤਖ਼ਤ ਕਰਦੇ। ਜੇਕਰ ਮੈਂ ਤੁਹਾਡਾ ਅਗਲਾ ਰਾਸ਼ਟਰਪਤੀ ਬਣਦਾ ਹਾਂ ਤਾਂ ਮੈਂ ਇਸ ‘ਤੇ ਦਸਤਖ਼ਤ ਕਰਾਂਗਾ।’ ਰਾਮਾਸਵਾਮੀ ਨੇ ਪਿਛਲੇ ਹਫ਼ਤੇ ਵ੍ਹਾਈਟ ਹਾਊਸ ਦੀ ਦੌੜ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਸੀ। ਆਪਣੇ 18 ਮਿੰਟ ਦੇ ਭਾਸ਼ਣ ‘ਚ ਉਨ੍ਹਾਂ ਕਿਹਾ ਕਿ ‘ਤਿੰਨ ਧਰਮ ਨਿਰਪੱਖ ਮੁੱਦਿਆਂ ਨੇ ਅੱਜ ਅਮਰੀਕਾ ਨੂੰ ਸੰਕਟ ‘ਚ ਪਾ ਦਿੱਤਾ ਹੈ। ਜੇ ਤੁਸੀਂ ਗੈਰ ਗੋਰੇ ਹੋ ਤਾਂ ਤੁਸੀਂ ਕੁਦਰਤੀ ਤੌਰ ‘ਤੇ ਵਾਂਝੇ ਹੋ। ਜੇ ਤੁਸੀਂ ਗੋਰੇ ਹੋ ਤਾਂ ਤੁਹਾਡੇ ਆਰਥਿਕ ਪਿਛੋਕੜ ਜਾਂ ਪਾਲਣ ਪੋਸ਼ਣ ਦੀ ਪਰਵਾਹ ਕੀਤੇ ਬਿਨਾਂ ਤੁਹਾਨੂੰ ਕੁਦਰਤੀ ਤੌਰ ‘ਤੇ ਵਿਸ਼ੇਸ਼ ਅਧਿਕਾਰ ਪ੍ਰਾਪਤ ਹਨ। ਨਸਲ ਇਹ ਨਿਰਧਾਰਤ ਕਰਦੀ ਹੈ ਕਿ ਤੁਸੀਂ ਕੀ ਹੋ ਅਤੇ ਤੁਸੀਂ ਜੀਵਨ ‘ਚ ਕੀ ਪ੍ਰਾਪਤ ਕਰ ਸਕਦੇ ਹੋ।’ ਰਾਮਾਸਵਾਮੀ ਨੇ ਕਿਹਾ ਕਿ ਅਮਰੀਕਾ ਰਾਸ਼ਟਰੀ ਪਛਾਣ ਦੇ ਸੰਕਟ ‘ਚ ਫਸਿਆ ਹੋਇਆ ਹੈ। ਆਪਣੇ ਭਾਸ਼ਣ ‘ਚ ਉਨ੍ਹਾਂ ਸਿੱਖਿਆ ਵਿਭਾਗ ਅਤੇ ਐਫ.ਬੀ.ਆਈ. ਨੂੰ ਖ਼ਤਮ ਕਰਨ ਦਾ ਵੀ ਗੱਲ ਕਹੀ।