ਪਾਕਿਸਤਾਨ ਦੇ ਪੰਜਾਬ ਸੂਬੇ ਦੇ ਮੁੱਖ ਮੰਤਰੀ ਵਜੋਂ ਬੁੱਧਵਾਰ ਨੂੰ ਚੌਧਰੀ ਪਰਵੇਜ਼ ਇਲਾਹੀ ਨੇ ਨਾਟਕੀ ਘਟਨਾਕ੍ਰਮ ਤੋਂ ਬਾਅਦ ਸਹੁੰ ਚੁੱਕੀ। ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਦੇ ਫ਼ੈਸਲੇ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤਾ ਅਤੇ ਪੀ.ਐਮ.ਐਲ.-ਕਿਊ ਆਗੂ ਇਲਾਹੀ ਨੂੰ ਸਿਆਸੀ ਤੌਰ ’ਤੇ ਮਹੱਤਵਪੂਰਨ ਸੂਬੇ ਦਾ ਮੁੱਖ ਮੰਤਰੀ ਨਿਯੁਕਤ ਕੀਤਾ। ਇਸ ਫ਼ੈਸਲੇ ਨੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੂੰ ਵੱਡਾ ਝਟਕਾ ਦਿੱਤਾ ਹੈ ਕਿਉਂਕਿ ਉਨ੍ਹਾਂ ਦੇ ਪੁੱਤਰ ਹਮਜ਼ਾ ਸ਼ਰੀਫ ਤੋਂ ਵੀ ‘ਭਰੋਸੇਯੋਗ’ ਮੁੱਖ ਮੰਤਰੀ ਦਾ ਰੁਤਬਾ ਖੋਹ ਲਿਆ ਗਿਆ ਹੈ। ਬਹੁਮਤ ਹਾਸਲ ਕਰਨ ਦੇ ਬਾਵਜੂਦ ਸ਼ੁੱਕਰਵਾਰ ਦੀ ਚੋਣ ਹਾਰ ਗਏ ਪਰਵੇਜ਼ ਇਲਾਹੀ ਨੇ ਡਿਪਟੀ ਸਪੀਕਰ ਦੋਸਤ ਮਜ਼ਾਰੀ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ, ਜਿਸ ਨੇ ਪ੍ਰਧਾਨ ਮੰਤਰੀ ਸ਼ਰੀਫ ਦੇ ਪੁੱਤਰ ਹਮਜ਼ਾ ਨੂੰ ਜੇਤੂ ਐਲਾਨ ਦਿੱਤਾ। ਸੁਪਰੀਮ ਕੋਰਟ ਨੇ ਮੰਗਲਵਾਰ ਦੇਰ ਰਾਤ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੀਆਂ ਚੋਣਾਂ ’ਚ 10 ਵੋਟਾਂ ਨੂੰ ਖਾਰਜ ਕਰਨ ਦੇ ਮਜ਼ਾਰੀ ਦੇ ਵਿਵਾਦਤ ਫ਼ੈਸਲੇ ਨੂੰ ‘ਗੈਰ-ਕਾਨੂੰਨੀ’ ਕਰਾਰ ਦਿੱਤਾ ਅਤੇ ਕਿਹਾ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਸਮਰਥਿਤ ਉਮੀਦਵਾਰ ਇਲਾਹੀ ਪੰਜਾਬ ਦੇ ਨਵੇਂ ਮੁੱਖ ਮੰਤਰੀ ਹੋਣਗੇ। ਪਾਕਿਸਤਾਨ ਦੇ ਚੀਫ਼ ਜਸਟਿਸ ਉਮਰ ਅੱਤਾ ਬੰਦਿਆਲ, ਜਸਟਿਸ ਇਜਾਜ਼ੁਲ ਅਹਿਸਾਨ ਅਤੇ ਜਸਟਿਸ ਮੁਨੀਬ ਅਖਤਰ ਨੇ ਪੰਜਾਬ ਦੇ ਰਾਜਪਾਲ ਬਲੀਗ-ਉਰ-ਰਹਿਮਾਨ ਨੂੰ ਇਲਾਹੀ ਨੂੰ ਸਹੁੰ ਚੁਕਾਉਣ ਦਾ ਹੁਕਮ ਦਿੱਤਾ। ਹਾਲਾਂਕਿ ਰਹਿਮਾਨ ਨੇ ਸਹੁੰ ਚੁੱਕਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਤੋਂ ਬਾਅਦ ਇਲਾਹੀ ਸੁਪਰੀਮ ਕੋਰਟ ਦੇ ਹੁਕਮਾਂ ’ਤੇ ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਨੂੰ ਸਹੁੰ ਚੁਕਾਉਣ ਲਈ ਮੰਗਲਵਾਰ ਦੇਰ ਰਾਤ ਇਸਲਾਮਾਬਾਦ ਲਈ ਰਵਾਨਾ ਹੋਏ। ਅਲਵੀ ਨੇ ਬੁੱਧਵਾਰ ਸਵੇਰੇ ਇਲਾਹੀ ਨੂੰ ਸਹੁੰ ਚੁਕਾਈ।