ਇੰਡੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਸਟਰੇਲੀਅਨ ਹਮਰੁਤਬਾ ਐਂਥਨੀ ਅਲਬਨੀਜ਼ ਨਾਲ ਇੰਡੀਆ ਅਤੇ ਆਸਟਰੇਲੀਆ ਵਿਚਾਲੇ ਚੌਥੇ ਅਤੇ ਆਖਰੀ ਕ੍ਰਿਕਟ ਟੈਸਟ ਮੈਚ ਦੀ ਸ਼ੁਰੂਆਤ ਤੋਂ ਪਹਿਲਾਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਪਹੁੰਚੇ ਅਤੇ ਦੋਵਾਂ ਨੇ ਗੋਲਫ ਕਾਰਟ ‘ਚ ਸਟੇਡੀਅਮ ਦਾ ਗੇੜਾ ਮਾਰਿਆ। ਮੋਦੀ ਅਤੇ ਅਲਬਨੀਜ਼ ਨੇ ਕ੍ਰਮਵਾਰ ਆਪਣੇ ਦੇਸ਼ ਦੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਅਤੇ ਸਟੀਵ ਸਮਿਥ ਨੂੰ ਟੈਸਟ ਕੈਪਸ ਸੌਂਪੀਆਂ। ਗੋਲਫ ਕਾਰਟ ‘ਤੇ ਪਹੁੰਚੇ ਮੋਦੀ ਅਤੇ ਅਲਬਨੀਜ਼ ਦਾ ਟੈਸਟ ਮੈਚ ਦੇਖਣ ਲਈ ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ‘ਚ ਪਹੁੰਚੇ ਹਜ਼ਾਰਾਂ ਕ੍ਰਿਕਟ ਪ੍ਰਸ਼ੰਸਕਾਂ ਨੇ ਤਾੜੀਆਂ ਨਾਲ ਸਵਾਗਤ ਕੀਤਾ। ਮੋਦੀ ਅਤੇ ਅਲਬਨੀਜ਼ ਨੇ ਦੋਵਾਂ ਟੀਮਾਂ ਦੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਇੰਡੀਆ ਅਤੇ ਆਸਟਰੇਲੀਆ ਦੇ ਰਾਸ਼ਟਰੀ ਗੀਤਾਂ ਸਮੇਂ ਉਹ ਖਿਡਾਰੀਆਂ ਦੇ ਨਾਲ ਖੜੇ ਹੋਏ। ਦੋਵਾਂ ਪ੍ਰਧਾਨ ਮੰਤਰੀਆਂ ਨੇ ਨਰਿੰਦਰ ਮੋਦੀ ਸਟੇਡੀਅਮ ਵਿੱਚ ‘ਹਾਲ ਆਫ ਫੇਮ ਮਿਊਜ਼ੀਅਮ’ ਦਾ ਵੀ ਦੌਰਾ ਕੀਤਾ।