ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ) ਨੇ ਚੇਤਨ ਸ਼ਰਮਾ ਨੂੰ ਮੁੜ ਸੀਨੀਅਰ ਚੋਣ ਕਮੇਟੀ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਟੀ-20 ਵਰਲਡ ਕੱਪ ‘ਚ ਭਾਰਤੀ ਟੀਮ ਦੇ ਸੈਮੀਫ਼ਾਈਨਲ ਤੋਂ ਬਾਹਰ ਹੋਣ ਕਾਰਨ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਹਾਲਾਂਕੀ ਨਵੀਂ ਟੀਮ ‘ਚ ਬਾਕੀ ਸਾਰੇ ਚਿਹਰੇ ਨਵੇਂ ਹਨ। ਦੱਖਣੀ ਖੇਤਰ ਦੇ ਚੋਣਕਾਰਾਂ ਦੇ ਜੂਨੀਅਰ ਪ੍ਰਧਾਨ ਐੱਸ ਸ਼ਰਥ ਨੂੰ ਪਦਉਨਤ ਕੀਤਾ ਗਿਆ ਹੈ। ਕਮੇਟੀ ‘ਚ ਸ਼ਾਮਲ ਹੋਰ ਲੋਕਾਂ ‘ਚ ਪੂਰਬੀ ਖੇਤਰ ਦੇ ਸਾਬਕਾ ਤੇਜ਼ ਗੇਂਦਬਾਜ਼ ਸੁਬਰਤੋ ਬੈਨਰਜੀ, ਪੱਛਮੀ ਖੇਤਰ ਦੇ ਸਲਿਲ ਅੰਕੋਲਾ ਅਤੇ ਮੱਧ ਖੇਤਰ ਦੇ ਟੈਸਟ ਸਲਾਮੀ ਬੱਲੇਬਾਜ਼ ਸ਼ਿਵ ਸੁੰਦਰ ਦਾਸ਼ ਸ਼ਾਮਲ ਹਨ। ਦਾਸ ਨੇ ਓਡੀਸਾ ਦੇ ਲਈ ਖੇਡਣ ਤੋਂ ਬਾਅਦ ਵਿਦਰਭ ਦੀ ਨੁਮਾਇੰਦਗੀ ਕੀਤੀ ਸੀ। ਇਸ ਲਈ ਉਹ ਸਾਬਕਾ ਖਿਡਾਰੀ ਹੋਣ ਤੋਂ ਬਾਅਦ ਵੀ ਮੱਧ ਖੇਤਰ ਦੀ ਨੁਮਾਇੰਦਗੀ ਲਈ ਯੋਗ ਸਨ। ਉਨ੍ਹਾਂ ਦੇ ਸਹਿਯੋਗੀ ਹਰਵਿੰਦਰ ਸਿੰਘ ਨੇ ਵੀ ਮੁੜ ਬਿਨੈ ਕੀਤਾ ਸੀ, ਪਰ ਇੰਟਰਵੀਊ ਤੋਂ ਬਾਅਦ ਉਨ੍ਹਾਂ ‘ਤੇ ਵਿਚਾਰ ਨਹੀਂ ਕੀਤਾ ਗਿਆ। ਬੀ.ਸੀ.ਸੀ.ਆਈ. ਸਕੱਤਰ ਜੈ ਸ਼ਾਹ ਨੇ ਇਕ ਪ੍ਰੈਸ ਬਿਆਨ ‘ਚ ਕਿਹਾ ਕਿ ਬੋਰਡ ਨੇ ਚੋਣ ਕਮੇਟੀ ਦੇ 5 ਅਹੁਦਿਆਂ ਲਈ 18 ਨਵੰਬਰ 2022 ਨੂੰ ਆਪਣੀ ਅਧਿਕਾਰਤ ਵੈੱਬਸਾਈਟ ‘ਤੇ ਵਿਗਿਆਪਨ ਜਾਰੀ ਕੀਤਾ ਸੀ। ਇਸ ਦੇ ਜਵਾਬ ‘ਚ ਤਕਰੀਬਨ 600 ਅਰਜ਼ੀਆਂ ਮਿਲੀਆਂ ਸਨ। ਇਸ ‘ਤੇ ਵਿਸਥਾਰਤ ਵਿਚਾਰ-ਚਰਚਾ ਅਤੇ ਅਰਜ਼ੀਆਂ ਦੀ ਪਰਖ ਤੋਂ ਬਾਅਦ ਕ੍ਰਿਕੇਟ ਸਲਾਹਕਾਰ ਕਮੇਟੀ ਨੇ ਵਿਅਕਤੀਗਤ ਇੰਟਰਵੀਊ ਲਈ 11 ਵਿਅਕਤੀਆਂ ਨੂੰ ਸ਼ਾਰਟਲਿਸਟ ਕੀਤਾ। ਇਸ ਇੰਟਰਵੀਊ ਦੇ ਅਧਾਰ ਪੁਰਸ਼ਾਂ ਦੀ ਕੋਮੀ ਚੋਣ ਕਮੇਟੀ ਲਈ ਉਕਤ ਉਮੀਦਵਾਰਾਂ ਦੀ ਸਿਫਾਰਿਸ਼ ਕੀਤੀ ਹੈ।