ਆਸਟਰੇਲੀਆ ‘ਚ ਟੀ-20 ਵਰਲਡ ਕੱਪ ਦੇ ਫਾਈਨਲ ‘ਚ ਇੰਡੀਆ ਦੀ ਕ੍ਰਿਕਟ ਟੀਮ ਦੇ ਪਹੁੰਚਣ ਤੋਂ ਨਾਕਾਮ ਰਹਿਣ ਤੋਂ ਬਾਅਦ ਭਾਰਤੀ ਕ੍ਰਿਕੇਟ ਬੋਰਡ ਨੇ ਸਖ਼ਤ ਫ਼ੈਸਲਾ ਲੈਂਦਿਆਂ ਚੇਤਨ ਸ਼ਰਮਾ ਦੀ ਅਗਵਾਈ ਵਾਲੀ ਚਾਰ ਮੈਂਬਰੀ ਚੋਣ ਕਮੇਟੀ ਨੂੰ ਬਰਖ਼ਾਸਤ ਕਰ ਦਿੱਤਾ। ਚੇਤਨ ਦੇ ਕਾਰਜਕਾਲ ‘ਚ ਭਾਰਤੀ ਟੀਮ 2021 ‘ਚ ਖੇਡੇ ਗਏ ਟੀ-20 ਵਰਲਡ ਕੱਪ ਦੇ ਨਾਕਆਊਟ ਪੜਾਅ ‘ਚ ਨਹੀਂ ਪਹੁੰਚ ਸਕੀ ਸੀ। ਇਸ ਤੋਂ ਇਲਾਵਾ ਉਹ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ‘ਚ ਵੀ ਹਾਰ ਗਈ ਸੀ। ਬੀ.ਸੀ.ਸੀ.ਆਈ. ਨੇ ਟਵੀਟ ਕਰ ਕੇ ਰਾਸ਼ਟਰੀ ਚੋਣਕਾਰਾਂ (ਸੀਨੀਅਰ ਪੁਰਸ਼) ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਚੇਤਨ (ਉੱਤਰੀ ਜ਼ੋਨ), ਹਰਵਿੰਦਰ ਸਿੰਘ (ਸੈਂਟਰਲ ਜ਼ੋਨ), ਸੁਨੀਲ ਜੋਸ਼ੀ (ਦੱਖਣੀ ਜ਼ੋਨ) ਅਤੇ ਦੇਬਾਸ਼ੀਸ਼ ਮੋਹੰਤੀ (ਪੂਰਬੀ ਜ਼ੋਨ) ਦਾ ਰਾਸ਼ਟਰੀ ਚੋਣਕਾਰ ਵਜੋਂ ਕਾਰਜਕਾਲ ਥੋੜ੍ਹੀ ਦੇਰ ਹੀ ਚੱਲਿਆ। ਇਨ੍ਹਾਂ ‘ਚੋਂ ਕੁਝ ਨੂੰ 2020 ਅਤੇ ਕੁਝ ਨੂੰ 2021 ‘ਚ ਨਿਯੁਕਤ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਆਮ ਤੌਰ ‘ਤੇ ਸੀਨੀਅਰ ਰਾਸ਼ਟਰੀ ਚੋਣਕਾਰ ਦਾ ਕਾਰਜਕਾਲ ਚਾਰ ਸਾਲ ਦਾ ਹੁੰਦਾ ਹੈ ਅਤੇ ਇਸ ਨੂੰ ਅੱਗੇ ਵੀ ਵਧਾਇਆ ਜਾ ਸਕਦਾ ਹੈ। ਅਭੈ ਕੁਰੂਵਿਲਾ ਦਾ ਕਾਰਜਕਾਲ ਖ਼ਤਮ ਹੋਣ ਕਾਰਨ ਪੱਛਮੀ ਜ਼ੋਨ ਤੋਂ ਕੋਈ ਚੋਣਕਾਰ ਨਹੀਂ ਸੀ।