ਅਕਾਲੀ-ਭਾਜਪਾ ਗੱਠਜੋੜ ਸਰਕਾਰ ਵੇਲੇ ਬਣਨ ਤੋਂ ਹੀ ਚੰਡੀਗੜ੍ਹ-ਮੁਹਾਲੀ ਏਅਰਪੋਰਟ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ‘ਤੇ ਰੱਖਣ ਦੀ ਮੰਗ ਹੁੰਦੀ ਆਈ ਹੈ। ਇਸ ਤੋਂ ਬਾਅਦ ਕਾਂਗਰਸ ਸਰਕਾਰ ਵੀ ਰਹੀ ਅਤੇ ਇਹ ਮੰਗ ਉਦੋਂ ਵੀ ਕੀਤੀ ਜਾਂਦੀ ਰਹੀ ਹੈ ਪਰ ਕੇਂਦਰ ਸਰਕਾਰ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ। ਪਿੱਛੇ ਜਿਹੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਰਿਆਣਾ ਦੇ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨਾਲ ਮੀਟਿੰਗ ਕਰਕੇ ਦੋਹਾਂ ਸੂਬਿਆਂ ‘ਚ ਇਸ ਲਈ ਸਹਿਮਤੀ ਵੀ ਬਣਾਈ ਸੀ। ਇਹ ਏਅਰਪੋਰਟ ਇਕ ਤਰ੍ਹਾਂ ਨਾਲ ਪੰਜਾਬ ਤੇ ਹਰਿਆਣਾ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦਾ ਸਾਂਝਾ ਹੈ। ਇਸ ਏਅਰਪੋਰਟ ਨਾਲ ਤਿੰਨੇ ਸੂਬੇ ਕਿਸੇ ਨਾ ਕਿਸੇ ਤਰ੍ਹਾਂ ਜੁੜੇ ਹੋਏ ਹਨ। ਅੱਜ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਮਨ ਕੀ ਬਾਤ’ ਰੇਡੀਓ ਪ੍ਰੋਗਰਾਮ ‘ਚ ਕਿਹਾ ਕਿ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਚੰਡੀਗੜ੍ਹ ਹਵਾਈ ਅੱਡੇ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ‘ਤੇ ਰੱਖਿਆ ਜਾਵੇਗਾ। ਉਨ੍ਹਾਂ ਨੇ ਲੋਕਾਂ ਨੂੰ ਭਗਤ ਸਿੰਘ ਦਾ ਜਨਮ ਦਿਨ ਧੂਮਧਾਮ ਨਾਲ ਮਨਾਉਣ ਦੀ ਅਪੀਲ ਕੀਤੀ। ਹੁਣ ਦੇਖਣਾ ਇਹ ਹੋਵੇਗਾ ਕਿ 28 ਸਤੰਬਰ ਨੂੰ ਏਅਰਪੋਰਟ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ‘ਤੇ ਰੱਖਣ ਦਾ ਐਲਾਨ ਕਰਨ ਮੌਕੇ ਕੀ ਪ੍ਰਧਾਨ ਮੰਤਰੀ ਇਸ ਏਅਰਪੋਰਟ ਤੋਂ ਇੰਟਰਨੈਸ਼ਨਲ ਫਲਾਈਟਾਂ ਸ਼ੁਰੂ ਕਰਨ ਬਾਰੇ ਵੀ ਕੋਈ ਕਦਮ ਪੁੱਟਦੇ ਹਨ ਜਾਂ ਨਹੀਂ? ਉਂਝ ਇਸ ਗੱਲ ਦੀ ਸੰਭਾਵਨਾ ਘੱਟ ਹੀ ਹੈ। ਵੈਸੇ ਤਾਂ ਕੈਨੇਡਾ, ਅਮਰੀਕਾ, ਇੰਗਲੈਂਡ ਸਮੇਤ ਯੂਰੋਪ ਤੇ ਹੋਰਨਾਂ ਮੁਲਕਾਂ ‘ਚ ਵੱਸਦੇ ਪੰਜਾਬੀ ਇਹ ਏਅਰਪੋਰਟ ਸ਼ੁਰੂ ਹੋਣ ਵੇਲੇ ਤੋਂ ਹੀ ਇਥੋਂ ਇੰਟਰਨੈਸ਼ਨਲ ਫਲਾਈਟਾਂ ਸ਼ੁਰੂ ਕਰਨ ਦੀ ਮੰਗ ਕਰਦੇ ਆ ਰਹੇ ਹਨ। ਇਸ ਦਾ ਲਾਹਾ ਪੰਜਾਬ ਤੋਂ ਇਲਾਵਾ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਹੋਵੇਗਾ। ਯਾਦ ਰਹੇ ਕਿ ਇਕ ਵਾਰ ਇਹ ਮਾਮਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ‘ਚ ਵੀ ਭਖ਼ ਗਿਆ ਸੀ ਅਤੇ ਉਸ ਸਮੇਂ ਇਕ ਜੱਜ ਨੇ ਸਖ਼ਤ ਟਿੱਪਣੀਆਂ ਕਰਦਿਆਂ ਏਅਰਪੋਰਟ ਅਥਾਰਟੀ ਨੂੰ ਤਲਬ ਕਰਕੇ ਪੁੱਛਿਆ ਸੀ ਕਿ ਇੰਟਰਨੈਸ਼ਨਲ ਫਲਾਈਟਾਂ ਕਿਉਂ ਨਹੀਂ ਸ਼ੁਰੂ ਕੀਤੀਆਂ ਜਾਂਦੀਆਂ ਅਤੇ ਜੇਕਰ ਇੰਟਰਨੈਸ਼ਨਲ ਏਅਰਪੋਰਟ ਤੋਂ ਇਹ ਫਲਾਈਟਾਂ ਚਲਾਉਣੀਆਂ ਹੀ ਨਹੀਂ ਤਾਂ ਕਿਉਂ ਨਾ ਏਅਰਪੋਰਟ ਬੰਦ ਕਰ ਦਿੱਤਾ ਜਾਵੇ ਕਿਉਂਕਿ ਇਸ ਤੋਂ ਬਿਨਾਂ ਇਹ ਚਾਲੂ ਕਰਨ ਦਾ ਕੋਈ ਫਾਇਦਾ ਨਹੀਂ ਹੈ। ਇਸ ਤੋਂ ਬਾਅਦ ਇਹ ਮਾਮਲਾ ਠੰਡੇ ਬਸਤੇ ‘ਚ ਪੈ ਗਿਆ ਅਤੇ ਵਾਰ-ਵਾਰ ਉੱਠਦੀ ਮੰਗ ‘ਤੇ ਸਿਰਫ ਸਿੰਗਾਪੁਰ ਜਾਂ ਇਕ ਦੋ ਹੋਰ ਥਾਵਾਂ ‘ਤੇ ਲਈ ਫਲਾਈਟ ਸ਼ੁਰੂ ਕਰਨ ਤੋਂ ਅੱਗੇ ਕੁਝ ਨਹੀਂ ਹੋਇਆ। ਹੁਣ ਵੀ ਦੇਸ਼ ਵਿਦੇਸ਼ ‘ਚ ਵੱਸਦੇ ਪੰਜਾਬੀਆਂ ਨੇ ਮੰਗ ਕੀਤੀ ਹੈ ਕਿ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਪ੍ਰਧਾਨ ਮੰਤਰੀ ਏਅਰਪੋਰਟ ਦਾ ਨਾਂਮ ਸ਼ਹੀਦ ਭਗਤ ਸਿੰਘ ਨਾਂ ‘ਤੇ ਰੱਖਣ ਸਮੇਂ ਇਥੋਂ ਕੈਨੇਡਾ, ਅਮਰੀਕਾ ਸਮੇਤ ਸਾਰੇ ਮੁਲਕਾਂ ਲਈ ਇੰਟਰਨੈਸ਼ਨਲ ਫਲਾਈਟਾਂ ਸ਼ੁਰੂ ਕਰਨ ਦਾ ਵੀ ਐਲਾਨ ਕਰਨ।