ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਜਿਹੇ ਚੋਟੀ ਦੇ ਭਾਰਤੀ ਪਹਿਲਵਾਨ ਮੁੜ ਇਕ ਕੌਮਾਂਤਰੀ ਮੁਕਾਬਲੇ ‘ਚ ਹਿੱਸਾ ਲੈਣ ਤੋਂ ਪਿੱਛੇ ਹਟ ਗਏ ਹਨ। ਇਨ੍ਹਾਂ ਪਹਿਲਵਾਨਾਂ ਨੇ ਅਗਾਮੀ ਸੈਕਿੰਡ ਰੈਂਕਿੰਗ ਸੀਰੀਜ਼ ਇਬਰਾਹਿਮ-ਮੁਸਤਫ਼ਾ ‘ਚ ਹਿੱਸਾ ਨਾ ਲੈਣ ਦਾ ਫ਼ੈਸਲਾ ਕੀਤਾ ਹੈ। ਮਹੀਨੇ ‘ਚ ਇਹ ਦੂਜੀ ਵਾਰ ਹੈ ਜਦ ਵਿਨੇਸ਼, ਬਜਰੰਗ ਪੂਨੀਆ, ਰਵੀ ਦਾਹੀਆ, ਦੀਪਕ ਪੂਨੀਆ, ਅੰਸ਼ੂ ਮਲਿਕ, ਸੰਗੀਤਾ ਫੋਗਾਟ ਤੇ ਸੰਗੀਤਾ ਮੋਰ ਨੇ ਅਹਿਮ ਟੂਰਨਾਮੈਂਟ ‘ਚ ਹਿੱਸਾ ਲੈਣ ਤੋਂ ਹੱਥ ਪਿੱਛੇ ਖਿੱਚੇ ਹਨ। ਇਹ ਟੂਰਨਾਮੈਂਟ 23-26 ਫਰਵਰੀ ਤੱਕ ਮਿਸਰ ‘ਚ ਹੋਣਾ ਹੈ। ਇਸ ਤੋਂ ਪਹਿਲਾਂ ਪਹਿਲਵਾਨਾਂ ਨੇ ਜ਼ਗਰੇਬ ਓਪਨ ‘ਚ ਵੀ ਹਿੱਸਾ ਨਹੀਂ ਲਿਆ। ਉਨ੍ਹਾਂ ਕਿਹਾ ਸੀ ਕਿ ਉਹ ਮੁਕਾਬਲੇ ਲਈ ਤਿਆਰ ਨਹੀਂ ਹਨ। ਜ਼ਿਕਰਯੋਗ ਹੈ ਕਿ ਜਨਵਰੀ ‘ਚ ਜੰਤਰ-ਮੰਤਰ ਉਤੇ ਹੋਏ ਰੋਸ ਮੁਜ਼ਾਹਰੇ ਦੌਰਾਨ ਪਹਿਲਵਾਨਾਂ ਨੇ ਕਿਹਾ ਸੀ ਕਿ ਜਦ ਤੱਕ ਭਾਰਤੀ ਕੁਸ਼ਤੀ ਫੈਡਰੇਸ਼ਨ ਨੂੰ ਭੰਗ ਨਹੀਂ ਕੀਤਾ ਜਾਂਦਾ ਤੇ ਇਸ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਹਟਾਇਆ ਨਹੀਂ ਜਾਂਦਾ, ਉਹ ਕਿਸੇ ਵੀ ਕੌਮੀ ਤੇ ਕੌਮਾਂਤਰੀ ਮੁਕਾਬਲੇ ‘ਚ ਹਿੱਸਾ ਨਹੀਂ ਲੈਣਗੇ। ਦੱਸਣਯੋਗ ਹੈ ਕਿ ਵਰਤਮਾਨ ‘ਚ ਮੈਰੀ ਕੋਮ ਦੀ ਅਗਵਾਈ ਵਾਲੀ ਨਿਗਰਾਨ ਕਮੇਟੀ ਡਬਲਿਊ.ਐਫ.ਆਈ. ਦੇ ਮਾਮਲਿਆਂ ਨੂੰ ਦੇਖ ਰਹੀ ਹੈ। ਉਨ੍ਹਾਂ ਇਸ ਮੁਕਾਬਲੇ ਲਈ 27 ਮੈਂਬਰੀ ਭਾਰਤੀ ਦਲ ਦਾ ਨਾਂ ਅੱਗੇ ਕੀਤਾ ਸੀ। ਇਹ ਮੁਕਾਬਲਾ ਦਰਜਾਬੰਦੀ ਦੇ ਲਿਹਾਜ਼ ਨਾਲ ਮਹੱਤਵਪੂਰਨ ਹੈ। ਭਾਰਤੀ ਟੀਮ ‘ਚ ਨੌਂ ਫਰੀਸਟਾਈਲ, ਅੱਠ ਮਹਿਲਾ ਤੇ 10 ਗਰੀਕੋ-ਰੋਮਨ ਪਹਿਲਵਾਨ ਸ਼ਾਮਲ ਹਨ। ਇਸ ਤੋਂ ਇਲਾਵਾ 16 ਕੋਚ ਤੇ ਸਹਾਇਕ ਅਮਲਾ ਹੈ। ਇਨ੍ਹਾਂ ਪਹਿਲਵਾਨਾਂ ਵਿੱਚ ‘ਟਾਪਸ’ ਸਕੀਮ ਦੇ ਲਾਭਪਾਤਰੀ ਵੀ ਸ਼ਾਮਲ ਹਨ।