ਪੰਜਾਬ ਅੰਦਰ ‘ਚਿੱਟੇ’ ਨਾਲ ਨੌਜਵਾਨਾਂ ਦੀ ਰੋਜ਼ਾਨਾ ਮੌਤ ਹੁੰਦੀ ਹੈ ਅਤੇ ਹਾਲੇ ਕੁਝ ਦਿਨ ਪਹਿਲਾਂ ਵੀ ਇਕ ਥਾਂ ਦੋ ਸਕੇ ਭਰਾਵਾਂ ਦੀ ਮੌਤ ਹੋਈ ਸੀ। ਇਹ ਮਾਮਲਾ ਲੈ ਕੇ ਲੋਕਾਂ ‘ਚ ਪਹਿਲਾ ਹੀ ਰੋਹ ਸੀ ਕਿ ਹੁਣ ਅੰਮ੍ਰਿਤਸਰ ‘ਚ ਦੋ ਹੋਰ ਸਕੇ ਭਰਾ ਨਸ਼ੇ ਕਰਕੇ ਮੌਤ ਦੇ ਮੂੰਹ ‘ਚ ਜਾ ਪਏ ਹਨ। ਕਟੜਾ ਬੱਗੀਆਂ ਇਲਾਕੇ ‘ਚ ਰਹਿੰਦੇ ਦੋ ਸਕੇ ਭਰਾਵਾਂ ਦੀ ਨਸ਼ਿਆਂ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨਾਂ ਦੀ ਪਛਾਣ 24 ਸਾਲਾ ਹਰਗੁਣ ਉਰਫ ਰੋਹਨ (24) ਅਤੇ 20 ਸਾਲਾ ਕਾਲੂ ਵਜੋਂ ਹੋਈ ਹੈ। ਇਸ ਮਾਮਲੇ ‘ਤੇ ਪੀੜਤ ਪਰਿਵਾਰ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ, ਜਦੋਂਕਿ ਗੁਆਂਢੀਆਂ ਦਾ ਕਹਿਣਾ ਹੈ ਕਿ ਦੋਵੇਂ ਭਰਾ ਨਸ਼ੇ ਦੇ ਆਦੀ ਸਨ। ਜਾਣਕਾਰੀ ਅਨੁਸਾਰ ਹਰਗੁਣ ਨਸ਼ੇ ਦੇ ਮਾਮਲੇ ‘ਚ ਜੇਲ੍ਹ ‘ਚ ਬੰਦ ਸੀ। ਜੇਲ੍ਹ ‘ਚ ਅਚਨਚੇਤੀ ਉਸ ਦੀ ਤਬੀਅਤ ਵਿਗੜੀ ਜਿਸ ਨੂੰ ਪਹਿਲਾਂ ਜੇਲ੍ਹ ਦੇ ਹਸਪਤਾਲ ਭੇਜਿਆ ਅਤੇ ਬਾਅਦ ‘ਚ ਗੁਰੂ ਨਾਨਕ ਦੇਵ ਹਸਪਤਾਲ ਰੈਫਰ ਕੀਤਾ ਗਿਆ ਜਿਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਮੁਹੱਲੇ ‘ਚ ਰਹਿੰਦੇ ਮਨੀਸ਼ ਮਹਾਜਨ ਨੇ ਦੱਸਿਆ ਕਿ ਵੱਡੇ ਭਰਾ ਦੀ ਖ਼ਬਰ ਸੁਣਨ ਮਗਰੋਂ ਕਾਲੂ ਬੇਚੈਨ ਹੋ ਗਿਆ ਸੀ ਅਤੇ ਉਸ ਨੇ ਵੀ ਨਸ਼ੇ ਦੀ ਓਵਰਡੋਜ਼ ਲੈ ਲਈ ਜਿਸ ਕਾਰਨ ਉਹ ਬੇਸੁੱਧ ਹੋ ਗਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ। ਪੁਲੀਸ ਦੇ ਡੀ.ਸੀ.ਪੀ. ਮੁਖਵਿੰਦਰ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਜੇਲ੍ਹ ‘ਚ ਬੰਦ ਨੌਜਵਾਨ ਦੀ ਮੌਤ ਗੁਰਦੇ ਫੇਲ੍ਹ ਹੋਣ ਕਾਰਨ ਹੋਈ ਹੈ ਅਤੇ ਦੂਜੇ ਨੌਜਵਾਨ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਚ ਪਰਿਵਾਰ ਵੱਲੋਂ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਹਲਕਾ ਕੌਂਸਲਰ ਜਤਿੰਦਰ ਸੋਨੀਆ ਨੇ ਦੱਸਿਆ ਕਿ ਪੀੜਤ ਪਰਿਵਾਰ ਇਕ ਮੱਧਵਰਗੀ ਪਰਿਵਾਰ ਹੈ ਜਿਨ੍ਹਾਂ ਦੇ ਦੋਵੇਂ ਲੜਕੇ ਨਸ਼ਿਆਂ ਦੇ ਆਦੀ ਹੋ ਗਏ ਸਨ। ਕੁਝ ਦਿਨ ਪਹਿਲਾਂ ਇਕ ਹੋਰ ਨੌਜਵਾਨ ਦੀ ‘ਚਿੱਟੇ’ ਕਾਰਨ ਹੋਈ ਮੌਤ ਸਮੇਂ ਚਿਖਾ ‘ਤੇ ਖੜ੍ਹ ਕੇ ਵਿਰਲਾਪ ਕਰਦੇ ਬਾਪ ਦੀ ਯਾਦ ਵੀ ਹਾਲੇ ਲੋਕਾਂ ਦੇ ਚੇਤਿਆਂ ਹੈ।