ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੀ ਆਮਦਨ ਦੇ ਅਸਾਸਿਆਂ ਤੋਂ ਵੱਧ ਸੰਪਤੀ ਬਣਾਉਣ ਨਾਲ ਜੁਡ਼ੇ ਕੇਸ ’ਚ ਸੁਣਾਈ ਗਈ ਚਾਰ ਸਾਲ ਦੀ ਸਜ਼ਾ ਦਿੱਲੀ ਹਾਈ ਕੋਰਟ ਨੇ ਮੁਅੱਤਲ ਕਰ ਦਿੱਤੀ ਹੈ। ਚੌਟਾਲਾ ਨੇ ਟਰਾਇਲ ਕੋਰਟ ਦੇ ਫ਼ੈਸਲੇ ਨੂੰ ਹਾਈ ਕੋਰਟ ’ਚ ਚੁਣੌਤੀ ਦਿੱਤੀ ਸੀ। ਜਸਟਿਸ ਯੋਗੇਸ਼ ਖੰਨਾ ਨੇ 88 ਸਾਲਾ ਸਿਆਸੀ ਆਗੂ ਨੂੰ ਜ਼ਮਾਨਤ ਦਿੰਦਿਆਂ ਕਿਹਾ ਕਿ ਸਜ਼ਾ ਦੀ ਮੁਅੱਤਲੀ ਟਰਾਇਲ ਕੋਰਟ ਵੱਲੋਂ ਲਾਏ 50 ਲੱਖ ਰੁਪਏ ਦੇ ਜੁਰਮਾਨੇ ਦੀ ਅਦਾਇਗੀ ਦੇ ਨਾਲ ਪੰਜ ਲੱਖ ਦਾ ਨਿੱਜੀ ਬੌਂਡ ਤੇ ਇੰਨੀ ਹੀ ਰਕਮ ਦੀ ਜਾਮਨੀ ਭਰਨ ’ਤੇ ਨਿਰਭਰ ਕਰੇਗੀ। ਹਾਈ ਕੋਰਟ ਨੇ ਇਸ ਗੱਲ ਦਾ ਨੋਟਿਸ ਵੀ ਲਿਆ ਕੇ ਚੌਟਾਲਾ ਡੇਢ ਸਾਲ ਦੇ ਕਰੀਬ ਪੁਲੀਸ ਹਿਰਾਸਤ ’ਚ ਵੀ ਰਹਿ ਚੁੱਕਾ ਹੈ ਅਤੇ ਫ਼ੈਸਲੇ ਨੂੰ ਚੁਣੌਤੀ ਦਿੰਦੀ ਪਟੀਸ਼ਨ ਸੁਣਵਾਈ ਲਈ ਪੇਸ਼ ਕੀਤੇ ਜਾਣ ’ਚ ਸਮਾਂ ਲੱਗ ਸਕਦਾ ਹੈ।