ਇਨਸਾਨਾਂ ਅਤੇ ਪੰਛੀਆਂ ਦੀ ਜਾਨ ਲਈ ਖ਼ਤਰਾ ਬਣੀ ਅਤੇ ਕਈਆਂ ਨੂੰ ਗੰਭੀਰ ਜ਼ਖਮੀ ਕਰ ਚੁੱਕੀ ਚਾਈਨਾ ਡੋਰ ਖ਼ਿਲਾਫ਼ ਸਰਕਾਰ ਤੇ ਪੁਲੀਸ ਨੇ ਸਖ਼ਤੀ ਸ਼ੁਰੂ ਕਰ ਦਿੱਤੀ ਹੈ। ਚਾਈਨਾ ਡੋਰ ਵੇਚਣ ‘ਤੇ ਮਾਮੂਲੀ ਧਾਰਾ ਦਾ ਪਰਚਾ ਹੋਣ ਅਤੇ ਉਸੇ ਵੇਲੇ ਜ਼ਮਾਨਤ ਹੋਣ ਕਰਕੇ ਇਹ ਧੰਦਾ ਕਰਦੇ ਲੋਕ ਮੁੜ ਖ਼ਤਰਨਾਕ ਡੋਰ ਵੇਚਣ ਲੱਗ ਜਾਂਦੇ ਸਨ। ਪਰ ਹੁਣ ਖੰਨਾ ਪੁਲੀਸ ਨੇ ਦੋ ਜਣਿਆਂ ਖ਼ਿਲਾਫ਼ ਇਰਾਦਾ ਕਤਲ ਦੀ ਧਾਰਾ ਜੋੜ ਕੇ ਇਰਾਦੇ ਸਪੱਸ਼ਟ ਕਰ ਦਿੱਤੇ ਹਨ। ਚਾਈਨਾ ਡੋਰ ਵੇਚਣ ਵਾਲਿਆਂ ਨਾਲ ਹੁਣ ਪੁਲੀਸ ਢਿੱਲ ਨਹੀਂ ਵਰਤੇਗੀ। ਪੁਲੀਸ ਜ਼ਿਲ੍ਹਾ ਖੰਨਾ ਦੇ ਐੱਸ.ਐੱਸ.ਪੀ. ਹਰੀਸ਼ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਚਾਈਨਾ ਡੋਰ ਵੇਚਣ ਵਾਲਿਆਂ ਖ਼ਿਲਾਫ਼ ਸ਼ਿਕੰਜਾ ਹੋਰ ਕੱਸਿਆ ਗਿਆ ਹੈ। ਹੁਣ ਚਾਈਨਾ ਡੋਰ ਵੇਚਣ ਵਾਲੇ ਜੇਲ੍ਹ ਜਾਣਗੇ ਤੇ ਉਨ੍ਹਾਂ ਦੀ ਜੇਲ੍ਹ ਯਾਤਰਾ ਲੰਬੀ ਹੋ ਸਕਦੀ ਹੈ ਕਿਉਂਕਿ ਚਾਈਨਾ ਡੋਰ ਵੇਚਣ ਵਾਲਿਆਂ ਖ਼ਿਲਾਫ਼ ਇਰਾਦਾ ਕਤਲ ਦੀ ਧਾਰਾ 307 ਤਹਿਤ ਮਾਮਲੇ ਦਰਜ ਹੋਣੇ ਸ਼ੁਰੂ ਹੋ ਗਏ ਹਨ। ਇਸ ਦੀ ਸ਼ੁਰੂਆਤ ਖੰਨਾ ‘ਚ ਕੀਤੀ ਗਈ ਹੈ। ਸਿਟੀ ਥਾਣਾ 2 ਦੀ ਪੁਲੀਸ ਨੇ ਇਕ ਮਾਮਲੇ ‘ਚ ਧਾਰਾ 307 ਲਾ ਕੇ ਦੋ ਕਥਿਤ ਮੁਲਜ਼ਮਾਂ ਦਾ ਰਿਮਾਂਡ ਹਾਸਲ ਕੀਤਾ ਹੈ। ਥਾਣੇਦਾਰ ਮੇਜਰ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਅਮਲੋਹ ਰੋਡ ‘ਤੇ ਵੂਮੈਨ ਕਾਲਜ ਨੇੜੇ ਮੌਜੂਦ ਸੀ ਤਾਂ ਖ਼ਾਸ ਮੁਖ਼ਬਰ ਨੇ ਇਤਲਾਹ ਦਿੱਤੀ ਸੀ ਕਿ ਕਥਿਤ ਮੁਲਜ਼ਮ ਅਮਿਤ ਕੁਮਾਰ ਪੁੱਤਰ ਕਮਲਜੀਤ, ਨੀਰਜ ਮੈਨਰੋ ਪੁੱਤਰ ਅਸ਼ਵਨੀ ਕੁਮਾਰ, ਸਿਮਰਨਪ੍ਰੀਤ ਸਿੰਘ ਪੁੱਤਰ ਨਾਜਰ ਸਿੰਘ ਤੇ ਜਸ਼ਨਦੀਪ ਪੁੱਤਰ ਰਾਕੇਸ਼ ਕੁਮਾਰ ਵਾਸੀ ਖੰਨਾ ਜੋ ਚਾਈਨਾ ਡੋਰ ਵੇਚਣ ਦਾ ਕਾਰੋਬਾਰ ਕਰਦੇ ਹਨ। ਪੁਲੀਸ ਨੇ ਇਨ੍ਹਾਂ ਮੁਲਜ਼ਮਾਂ ‘ਚੋਂ ਅਮਿਤ ਅਤੇ ਨੀਰਜ ਮੈਨਰੋ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ‘ਚੋਂ 65 ਗੱਟੂ ਬਰਾਮਦ ਕੀਤੇ ਸਨ। ਇਨ੍ਹਾਂ ਕਥਿਤ ਮੁਲਜ਼ਮਾਂ ਦੇ ਖ਼ਿਲਾਫ਼ ਧਾਰਾ 307 ਲਾਈ ਗਈ ਹੈ। ਥਾਣਾ ਮੁਖੀ ਵਿਨੋਦ ਕੁਮਾਰ ਨੇ ਅਦਾਲਤ ‘ਚ ਸਬੂਤ ਪੇਸ਼ ਕੀਤੇ ਅਤੇ ਧਾਰਾ 307 ਜੋੜਨ ਦਾ ਤਰਕ ਵਿਸਤਾਰ ਨਾਲ ਰੱਖਿਆ, ਜਿਸ ਤੋਂ ਬਾਅਦ ਮਾਣਯੋਗ ਅਦਾਲਤ ਨੇ ਦੋਵਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਆਪਣਾ ਫ਼ੈਸਲਾ ਸੁਣਾਇਆ।