ਕਿਊਬਿਕ ਦੇ ਲਾਨੌਡੀਏਰ ਖੇਤਰ ‘ਚ ਸੇਂਟ-ਜੈਕਜ਼ ‘ਚ ਇਕ ਘਰ ਨੂੰ ਅੱਗ ਲੱਗਣ ਕਾਰਨ 4 ਬੱਚਿਆਂ ਸਮੇਤ ਇਕੋ ਪਰਿਵਾਰ ਦੇ 6 ਜੀਆਂ ਦੀ ਮੌਤ ਹੋ ਗਈ ਹੈ। ਕਿਊਬਿਕ ਸੂਬਾਈ ਪੁਲੀਸ ਮੁਤਾਬਕ ਅੱਗ ਤੜਕੇ ਸਮੇਂ ਲੱਗੀ ਸੀ। ਅੱਗ ਲੱਗਣ ਕਾਰਨ 8 ਸਾਲ ਤੋਂ ਘੱਟ ਉਮਰ ਦੇ 4 ਬੱਚਿਆਂ ਅਤੇ ਦੋ ਬਾਲਗਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੂੰ ਰਾਤ 1 ਵਜੇ ਦੇ ਕਰੀਬ ਮੋਨਚਾਰਮੇ ਸੇਂਟ ਦੇ ਨੇੜੇ ਰੰਗ ਡੂ ਕੋਰਡਨ ‘ਚ ਸਥਿਤ ਇਕ ਘਰ ‘ਚ ਭਿਆਨਕ ਅੱਗ ਦੀ ਸੂਚਨਾ ਮਿਲੀ ਸੀ। ਸਾਰਜੈਂਟ ਐਲੋਇਸ ਕੋਸੇਟ ਨੇ ਪਹਿਲਾਂ ਕਿਹਾ ਸੀ ਕਿ ਜਦੋਂ ਅੱਗ ‘ਤੇ ਕਾਬੂ ਪਾਇਆ ਗਿਆ ਸੀ, ਫਾਇਰਫਾਈਟਰਾਂ ਨੇ 4 ਪੀੜਤਾਂ ਨੂੰ ਅੰਦਰ ਪਾਇਆ, ਪਰ ਬਾਅਦ ‘ਚ ਉਨ੍ਹਾਂ ਨੂੰ ਹੋਰ ਲਾਸ਼ਾਂ ਬਰਾਮਦ ਹੋਈਆਂ। ਕੋਸੇਟ ਮੁਤਾਬਕ ਜਦੋਂ ਘਰ ਨੂੰ ਅੱਗ ਲੱਗੀ ਸੀ, ਪੀੜਤ ਉਸ ਸਮੇਂ ਸੁੱਤੇ ਹੋਏ ਸਨ ਅਤੇ ਅੱਗ ਨਾਲ ਘਰ ਪੂਰੀ ਤਬਾਹ ਹੋ ਗਿਆ ਸੀ ਜਿਸ ਕਾਰਨ ਮ੍ਰਿਤਕਾਂ ਦੀ ਤੁਰੰਤ ਪਛਾਣ ਕਰਨਾ ਅਸੰਭਵ ਸੀ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਜਾਂਚ ਦੀ ਅਗਵਾਈ ਪੁਲੀਸ ਬਲ ਦੀ ਮੁੱਖ ਅਪਰਾਧ ਯੂਨਿਟ ਕਰ ਰਹੀ ਹੈ।